
ਮੈਡੀਕਲ ਸੁਪਰਡੈਂਟ ਸਮੇਤ 9 ਸਟਾਫ਼ ਮੈਂਬਰਾਂ ਨੂੰ ਕੀਤਾ ਕੁਆਰੰਟੀਨ
ਪਟਿਆਲਾ, 22 ਜੂਨ (ਤੇਜਿੰਦਰ ਫ਼ਤਿਹਪੁਰ) : ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਬਤੌਰ ਕਲਰਕ ਨੌਕਰੀ ਕਰਦੇ ਇਕ ਵਿਅਕਤੀ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਪੂਰੇ ਹਸਪਤਾਲ ਵਿਚ ਭਗਦੜ ਮਚ ਗਈ। ਇਸ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਵਿਅਕਤੀਆਂ ਨੂੰ ਕੁਆਰੰਟੀਨ ਕਰ ਦਿਤਾ ਗਿਆ ਹੈ। ਜਾਣਕਾਰੀ ਮੁਤਾਬਕ ਸੰਪਰਕ ਵਿਚ ਆਉਣ ਵਾਲੇ ਮੈਡੀਕਲ ਸੁਪਰਡੈਂਟ ਤੇ ਡਿਪਟੀ ਮੈਡੀਕਲ ਸੁਪਰਡੈਂਟ ਸਮੇਤ 7 ਸਟਾਫ਼ ਮੈਂਬਰ ਸ਼ਾਮਲ ਹਨ, ਜਿਨ੍ਹਾਂ ਦੇ ਸੈਂਪਲ ਲੈ ਕੇ ਕੁਆਰੰਟੀਨ ਕਰ ਦਿਤਾ ਗਿਆ ਹੈ।
File Photo
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਜਿਸ ਖਾਤਾ ਦਫ਼ਤਰ ਵਿਚ ਬਤੌਰ ਕਲਰਕ ਇਹ ਵਿਅਕਤੀ ਕੰਮ ਕਰਦਾ ਸੀ, ਉਸ ਨੂੰ 24 ਘੰਟੇ ਲਈ ਸਿਹਤ ਵਿਭਾਗ ਵਲੋਂ ਬੰਦ ਕਰ ਦਿਤਾ ਗਿਆ ਹੈ ਤੇ ਇਹ ਵਿਅਕਤੀ ਸ਼ੁਕਰਵਾਰ ਨੂੰ ਜੋ ਨਰਸਾਂ ਸਮੇਤ 11 ਵਿਅਕਤੀਆਂ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ, ਉਨ੍ਹਾਂ ਦੇ ਸੰਪਰਕ ਵਿਚ ਆਇਆ ਸੀ ਤੇ ਜਿਸ ਤੋਂ ਬਾਅਦ ਇਸ ਕੋਰੋਨਾ ਟੈਸਟ ਲਿਆ ਗਿਆ ਤਾਂ ਇਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਦਸਿਆ ਗਿਆ ਹੈ ਕਿ ਇਹ ਕਲਰਕ ਸਟਾਫ਼ ਮੈਂਬਰਾਂ ਤੋਂ ਇਲਾਵਾ 48 ਹੋਰ ਵਿਅਕਤੀਆਂ ਦੇ ਸੰਪਰਕ ਵਿਚ ਵੀ ਆਇਆ ਹੈ, ਜਿਨ੍ਹਾਂ ਦੀ ਕਾਂਟੈਕਟ ਟ੍ਰੇਸਿੰਗ ਵੀ ਕੀਤੀ ਜਾ ਰਹੀ ਹੈ।
ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੁੱਝ ਸਟਾਫ ਮੈਂਬਰਾਂ ’ਚ ਕੋਰੋਨਾ ਦੇ ਲੱਛਣ ਵੀ ਪਾਏ ਗਏ ਹਨ। ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ ’ਚ ਭਰਤੀ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇਕ ਗੰਭੀਮ ਮਾਮਲਾ ਹੈ, ਇਸ ਲਈ ਸਿਹਤ ਵਿਭਾਗ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸੰਪਰਕ ’ਚ ਆਏ ਵਿਅਕਤੀਆਂ ਦੀ ਭਾਲ ਕਰਕੇ ਸੈਂਪਲ ਵੀ ਲਏ ਜਾ ਰਹੇ ਹਨ ਤਾਂ ਜੋ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।