
ਅੱਜ ਨਾਭਾ ਵਿਖੇ ਸਥਿਤ ਪ੍ਰੀਤ ਕਮਬਾਈਨ ਇੰਡਸਟਰੀ ਵਰਕਸ਼ਾਪ ਵਿਚ ਸ਼ਾਰਟ ਸਰਕਟ ਨਾਲ ਅਚਾਨਕ ਅੱਗ ਲਗ ਗਈ।
ਨਾਭਾ, 22 ਜੂਨ (ਬਲਵੰਤ ਹਿਆਣਾ): ਅੱਜ ਨਾਭਾ ਵਿਖੇ ਸਥਿਤ ਪ੍ਰੀਤ ਕਮਬਾਈਨ ਇੰਡਸਟਰੀ ਵਰਕਸ਼ਾਪ ਵਿਚ ਸ਼ਾਰਟ ਸਰਕਟ ਨਾਲ ਅਚਾਨਕ ਅੱਗ ਲਗ ਗਈ। ਅੱਗ ਇੰਨੀ ਭਿਆਨਕ ਸੀ ਕਿ ਛੇਤੀ ਹੀ ਉਸ ਨੇ ਕਾਫ਼ੀ ਮਸ਼ੀਨਰੀ ਨੂੰ ਅਪਣੀ ਲਪੇਟ ਵਿਚ ਲੈ ਲਿਆ।
ਵਰਕਸ਼ਾਪ ਦੇ ਸਟਾਫ਼ ਵਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਕਾਫ਼ੀ ਫੈਲ ਚੁੱਕੀ ਸੀ ਤਾਂ ਫ਼ਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿਤੀ ਤਾਂ ਉਥੋਂ ਐਸ.ਐਫ਼.ਓ. ਗੁਰਪ੍ਰੀਤ ਸਿੰਘ ਸਣੇ ਫ਼ਾਇਰਮੈਨ ਸ਼ਮਸ਼ੇਰ ਸਿੰਘ, ਵਿਕਰਮ, ਸੁਮਿਤ ਕੁਮਾਰ, ਕ੍ਰਿਸ਼ਨ ਕੁਮਾਰ, ਜਗਜੀਤ ਸਿੰਘ, ਗੁਰਤੇਜ ਸਿੰਘ ਅਤੇ ਮਹੇਸ਼ ਰਾਏ ਪਹੁੰਚੇ ਅਤੇ ਅੱਗ ਬੁਝਾਉਣ ਦੇ ਯਤਨ ਸ਼ੁਰੂ ਕਰ ਦਿਤੇ।
ਇਸ ਦੌਰਾਨ ਐਸ.ਡੀ.ਐਮ. ਕਾਲਾ ਰਾਮ ਕਾਂਸਲ ਅਤੇ ਡੀ.ਐਸ.ਪੀ. ਰਾਜੇਸ਼ ਛਿੱਬਰ ਮੌਕੇ ਉਤੇ ਪਹੁੰਚੇ ਕੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਕੁੱਝ ਘੰਟਿਆਂ ਦੀ ਮਸ਼ੱਕਤ ਬਾਅਦ ਅੱਗ ਉਤੇ ਕਾਬੂ ਪਾਇਆ ਜਾ ਸਕਿਆ। ਮਾਮਲੇ ਉਤੇ ਇੰਡਸਟਰੀ ਦੇ ਐਮਡੀ ਹਰੀ ਸਿੰਘ ਨੇ ਕਿਹਾ ਕਿ ਅੱਗ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਫਿਲਹਾਲ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।