
ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸਿਟਿੰਗ ਜੱਜ ਜਾਂ ਸੀ.ਬੀ.ਆਈ ਦੀ ਜਾਂਚ ਮੰਗੀ
ਚੰਡੀਗੜ੍ਹ, 22 ਜੂਨ (ਗੁਰਉਪਦੇਸ਼ ਭੁੱਲਰ): 2022 ਦੀ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਪੰਜਾਬ ਕਾਂਗਰਸ ਵਿਚ ਵੀ ਹਿਲਜੁਲ ਤੇਜ਼ ਹੋਣ ਲੱਗੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਸਿਆਸੀ ਸਮੀਕਰਨ ਬਦਲ ਸਕਦੇ ਹਨ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰੰਘ ਬਾਜਵਾ ਤੋਂ ਬਾਅਦ ਹੁਣ ਇਕ ਹੋਰ ਸਾਬਕਾ ਸੂਬਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਨੇ ਸ਼ਰਾਬ ਦੀ ਨਾਜਾਇਜ਼ ਵਿਕਰੀ ਦੇ ਮੁੱਦੇ ’ਤੇ ਅਪਣੀ ਹੀ ਸਰਕਾਰ ਵਿਰੋਧ ਮੋਰਚਾ ਖੋਲ੍ਹ ਦਿਤਾ ਹੈ।
ਉਨ੍ਹਾਂ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਮਾਮਲੇ ਵਿਚ ਅਪਣੀ ਹੀ ਸਰਕਾਰ ਦੇ ਕੁੱਝ ਮੰਤਰੀਆਂ ਤੇ ਵਿਧਾਇਕਾਂ ਦੇ ਸ਼ਰਾਬ ਦੇ ਕਾਰੋਬਾਰ ਵਿਚ ਹਿੱਸੇਦਾਰ ਹੋਣ ਦੇ ਦੋਸ਼ ਲਾਉਂਦਿਆਂ ਹਾਈ ਕੋਰਟ ਦੇ ਸਿਟਿੰਗ ਜੱਜ ਜਾਂ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਹੈ। ਇਹ ਲਿਖਿਆ ਹੈ ਪੱਤਰ ਵਿਚ: ਦੂਲੋ ਨੇ ਮੁੱਖ ਮੰਤਰੀ ਨੂੰ ਭੇਜੇ ਪੱਤਰ ਵਿਚ ਸ਼ਰਾਬ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿੱਟ) ਦੀ ਬਜਾਏ ਸੀ.ਬੀ.ਆਈ ਜਾਂ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸਿੱਟ ਤਾਂ ਅੱਖਾਂ ਵਿਚ ਘੱਟਾ ਪਾਉਣ ਲਈ ਹੈ
Shamsher Singh Dullo
ਹੁਣ ਤਕ ਕਿਸੇ ਵੀ ਸਿੱਟ ਨੇ ਕੋਈ ਸੰਤੋਸ਼ਜਨਕ ਰਿਜਲਟ ਨਹੀਂ ਦਿਤਾ। ਉਨ੍ਹਾਂ ਕਿਹਾ ਕਿ ਸ਼ਰਾਬ ਦੀਆਂ ਨਾਜਾਇਜ਼ ਫ਼ੈਕਟਰੀਆਂ ਦੇ ਅਸਲ ਮਾਲਕਾਂ ਨੂੰ ਜਨਤਕ ਕਰਨ ਅਤੇ ਫੜਨ ਦੀ ਜਦਰੂਰਤ ਹੈ, ਜਦੋਂ ਕਿ ਪੁਲਿਸ ਨੇ ਖਾਨਾਪੂਰਤੀ ਲਈ ਸਿਰਫ਼ ਕਰਿੰਦਿਆਂ ਨੂੰ ਫੜਿਆ ਹੈ। ਦੂਲੋ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿਚ ਨਜਾਇਜ਼ ਸ਼ਰਾਬ ਦਾ ਮੁੱਦਾ ਚੁੱਕਿਆ ਸੀ,
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਧਿਆਨ ਵਿਚ ਮਾਮਲਾ ਨਾ ਹੋਵੇ, ਇਹ ਹੋ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਪਲਾਂਟ ਕਹਿ ਨੇ ਲਾਇਆ, ਕੱਚਾ ਮਾਲ ਕਿੱਥੋਂ ਆਇਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ, ਉਸ ਨੂੰ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀ ਅਕਾਲੀਆਂ ਨੂੰ ਦੋਸ਼ ਦਿੰਦੇ ਆਏ ਪਰ ਉਸ ਤੋਂ ਵੱਧ ਨਾਜਾਇਜ਼ ਸ਼ਰਾਬ ਵਿਕਰੀ ਹੋ ਰਹੀ ਹੈ। ਸਰਕਾਰ ਵਲੋਂ ਬਣਾਈ ਗਈ ਜਾਂਚ ਕਮੇਟੀ ਉਤੇ ਵੀ ਉਨ੍ਹਾਂ ਸਵਾਲ ਉਠਾਏ ਹਨ। ਦੂਲੋ ਨੇ ਕਿਹਾ ਕਿ ਤਿੰਨ ਸਾਲਾਂ ਵਿਚ ਸਿੱਟ ਉਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਲੋਕ ਮਹਿਸੂਸ ਕਰ ਰਹੇ ਹਨ ਕਿ ਅਕਾਲੀਆਂ ਵਿਰੁਧ ਐਕਸ਼ਨ ਨਾ ਹੋਣ ਦਾ ਕਾਰਨ ਮਿਲੀਭੁਗਤ ਹੈ।