
ਸਾਬਕਾ ਅਕਾਲੀ ਵਿਧਾਇਕ ਸਮੇਤ ਅੱਠ ਦਰਜਨ ਅਕਾਲੀਆਂ ਵਿਰੁਧ ਪਰਚਾ ਦਰਜ
ਬਠਿੰਡਾ, 23 ਜੂਨ (ਸੁਖਜਿੰਦਰ ਮਾਨ) : ਬਠਿੰਡਾ ਥਰਮਲ ਦੀ 1764 ਏਕੜ ਜ਼ਮੀਨ ਨੂੰ ਪੁੱਡਾ ਕੋਲ ਤਬਦੀਲ ਕਰਨ ਦੇ ਵਿਰੋਧ 'ਚ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕਣ ਵਾਲੇ ਬਠਿੰਡਾ ਦੇ ਅੱਠ ਦਰਜਨ ਅਕਾਲੀ ਆਗੂਆਂ ਤੇ ਵਰਕਰਾਂ ਵਿਰੁਧ ਬਠਿੰਡਾ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ। ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਸਹਿਤ ਦੂਜੇ ਅਕਾਲੀਆਂ ਵਿਰੁਧ ਪੁਲਿਸ ਨੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਹਨ। ਇਸ ਸਬੰਧ ਵਿਚ ਥਾਣਾ ਥਰਮਲ ਦੀ ਪੁਲਿਸ ਵਲੋਂ ਪਰਚਾ ਦਰਜ਼ ਕੀਤਾ ਗਿਆ ਹੈ। ਦਸਣਾ ਬਣਦਾ ਹੈ ਕਿ ਅਕਾਲੀਆਂ ਵਲੋਂ ਥਾਣਾ ਥਰਮਲ ਨਜ਼ਦੀਕ ਭਾਈ ਘਨੱਈਆ ਚੌਕ ਕੋਲ ਰੋਸ ਪ੍ਰਦਰਸ਼ਨ ਕਰਦੇ ਹੋਏ ਇਹ ਪੁਤਲਾ ਫੂਕਿਆ ਸੀ।
ਉਧਰ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਵਿਤ ਮੰਤਰੀ ਦੇ ਇਸ਼ਾਰੇ 'ਤੇ ਵਿਰੋਧੀਆਂ ਦੀ ਆਵਾਜ਼ ਦਬਾਉਣ ਵਾਲਾ ਕਦਮ ਕਰਾਰ ਦਿੰਦਿਆਂ ਕਿਹਾ ਕਿ ਅਕਾਲੀ ਦਲ ਇਨ੍ਹਾਂ ਪਰਚਿਆਂ ਤੋਂ ਡਰਨ ਵਾਲਾ ਨਹੀਂ।
ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਅਕਾਲੀ ਆਗੂਆਂ ਨੇ ਇਕੱਠ ਕਰ ਕੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ, ਜਿਸ ਦੇ ਚਲਦੇ ਸ੍ਰੀ ਸਿੰਗਲਾ ਸਹਿਤ 31 ਹੋਰ ਅਕਾਲੀ ਆਗੂਆਂ ਤੇ 50 ਦੇ ਕਰੀਬ ਅਗਿਆਤ ਵਰਕਰਾਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਮੁਕੱਦਮੇ ਵਿਚ ਸਾਬਕਾ ਮੇਅਰ ਬਲਵੰਤ ਰਾਏ ਨਾਥ ਤੋਂ ਇਲਾਵਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ, ਪ੍ਰੈਸ ਸਕੱਤਰ ਚਮਕੌਰ ਸਿੰਘ ਮਾਨ, ਬਬਲੀ ਢਿੱਲੋਂ, ਨਿਰਮਲ ਸੰਧੂ, ਰਾਕੇਸ਼ ਸਿੰਗਲਾ, ਕੁਲਦੀਪ ਨੰਬਰਦਾਰ, ਸੁਖਦੇਵ ਗੁਰਥੜੀ, ਦਲਜੀਤ ਬਰਾੜ, ਵੀਨੂੰ ਗੋਇਲ ਆਦਿ ਸ਼ਾਮਲ ਹਨ।