
ਛੋਟੇ ਬਾਦਲ ਦੀਆਂ ਆਪਹੁਦਰੀਆਂ ਕਾਰਨ ਪਾਰਟੀ ਤੀਜੇ ਸਥਾਨ ’ਤੇ
ਸ੍ਰੀ ਗੋਇੰਦਵਾਲ ਸਾਹਿਬ, 22 ਜੂਨ (ਅੰਤਰਪ੍ਰੀਤ ਸਿੰਘ ਖਹਿਰਾ) : ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪੰਜਾਬ ਦੇ ਹਿਤਾਂ ਨੂੰ ਤਿਲਾਂਜਲੀ ਦੇ ਦਿਤੀ ਹੈ ਅਤੇ ਪੰਥਕ ਅਖਵਾਉਣ ਵਾਲੀ ਪਾਰਟੀ ਨੇ ਹਮੇਸ਼ਾ ਪੰਥ ਦਾ ਨੁਕਸਾਨ ਹੀ ਕੀਤਾ ਹੈ।
ਸਥਾਨਕ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਪੱਸ਼ਟ ਕਿਹਾ ਕਿ ਟਕਸਾਲੀ ਅਕਾਲੀਆਂ ਦੇ ਪਾਰਟੀ ਨਾਲ ਮਤਭੇਦ ਹੋਣ ਦਾ ਮੁੱਖ ਕਾਰਨ ਇਹੋ ਸੀ ਕਿ ਸੂਬੇ ਦੀ ਪਹਿਰੇਦਾਰੀ ਕਰਨ ਵਾਲੀ ਪਾਰਟੀ ਸਿਧਾਂਤਕ ਮਸਲਿਆਂ ਤੋਂ ਪਿੱਛੇ ਹਟ ਗਈ ਹੈ
ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਨਿਜੀ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਗਲਤੀਆਂ ਦਾ ਹੀ ਅਸਰ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਪੱਛੜ ਕੇ ਤੀਜੇ ਸਥਾਨ ’ਤੇ ਚਲੇ ਗਈ ਹੈ ਅਤੇ ਪਾਰਟੀ ਦੇ ਕਈ ਸੀਨੀਅਰ ਆਗੂ ਪਾਰਟੀ ਦਾ ਸਾਥ ਛੱਡ ਚੁੱਕੇ ਹਨ।
Ravinder Brahmpura
ਸਾਬਕਾ ਵਿਧਾਇਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੂਬਿਆਂ ਨੂੰ ਵੱਧ ਅਧਿਕਾਰਾਂ ਦੇ ਹਾਮੀ ਰਹੇ ਤੇ ਧਰਮਾਂ ਦੀ ਬਰਾਬਰਤਾ ਚਾਹੁਣ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਧਾਰਾ 370, ਨਾਗਰਿਕਤਾ ਸੋਧ ਬਿੱਲ ਅਤੇ ਅਜਿਹੇ ਹੋਰ ਲੋਕ ਵਿਰੋਧੀ ਫ਼ੈਸਲਿਆਂ ਦੇ ਹੱਕ ਵਿਚ ਵੋਟ ਪਾ ਕੇ ਅਪਣੀ ਦੋਗਲੀ ਨੀਤੀ ਦਾ ਇਜ਼ਹਾਰ ਕੀਤਾ ਹੈ ਅਤੇ ਕਿਸਾਨ ਵਿਰੋਧੀ ਨਵੇਂ ਆਰਡੀਨੈਂਸਾਂ ਸਬੰਧੀ ਸਥਿਤੀ ਸਪੱਸ਼ਟ ਨਾ ਕਰਨ ਕਰ ਕੇ ਪੰਜਾਬ ਦੇ ਲੋਕਾਂ ਨਾਲ ਦਗ਼ਾ ਕਮਾਇਆ ਹੈ।
ਉਨ੍ਹਾਂ ਦਸਿਆ ਕਿ ਜਲਦ ਹੀ ਨਿਰੋਈ ਸੋਚ ਵਾਲੇ ਸੂਬੇ ਦੇ ਟਕਸਾਲੀ ਅਤੇ ਪੰਥਕ ਆਗੂਆਂ ਨੂੰ ਇਕ ਪਲੇਟਫ਼ਾਰਮ ’ਤੇ ਇਕੱਠਾ ਕੀਤਾ ਜਾਵੇਗਾ ਅਤੇ ਇਕ ਚੰਗੀ ਅਤੇ ਨਿਰੋਈ ਪਾਰਟੀ ਦਾ ਸਾਥ ਦੇਣ ਲਈ ਪੰਜਾਬ ਦੀ ਜਨਤਾ ਨੂੰ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਖੇਤੀ ਉਤਪਾਦਨ, ਵਣਜ ਵਪਾਰ ਤੇ ਬਿਜਲੀ ਸੋਧ ਬਿੱਲ 2020 ਨੂੰ ਮੁੱਢੋਂ ਰੱਦ ਕਰ ਕੇ ਵਾਪਸ ਲਿਆ ਜਾਵੇ, ਫ਼ਸਲਾਂ ਦੇ ਭਾਅ ਡਾ. ਸਵਾਮੀਨਾਥਨ ਦੀ ਰਿਪੋਰਟ ਮੁਤਾਬਿਕ ਲਾਗੂ ਕੀਤੇ ਜਾਣ, ਵਧਦੀਆਂ ਤੇਲ ਕੀਮਤਾਂ ’ਤੇ ਕੰਟਰੋਲ ਕੀਤਾ ਜਾਵੇ, ਝੋਨੇ ਦੇ ਮੁੱਲ ਵਿੱਚ ਘੱਟੋ-ਘੱਟ 200 ਰੁਪਏ ਦਾ ਵਾਧਾ ਕੀਤਾ ਜਾਵੇ।
ਉਨ੍ਹਾਂ ਇਹ ਵੀ ਮੰਗ ਉਠਾਈ ਕਿ ਰਾਜਾਂ ਨੂੰ ਕਰਜ਼ਾ ਦੇਣ ਦੀਆਂ ਸ਼ਰਤਾਂ ਵਾਪਸ ਲਈਆਂ ਜਾਣ ਤੇ ਪੰਜਾਬ ਨੂੰ ਆਰਥਿਕ ਪੈਕੇਜ ਦਿਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਵੇਈਂ ਪੂਈਂ, ਕਸ਼ਮੀਰ ਸਿੰਘ ਸੰਘਾ, ਤਜਿੰਦਰ ਸਿੰਘ ਪ੍ਰਿੰਸ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਕਸ਼ਮੀਰ ਸਿੰਘ ਮੈਂਬਰ ਪੰਚਾਇਤ, ਮੋਹਨ ਸਿੰਘ ਭਾਪਾ, ਜਗਜੀਤ ਸਿੰਘ ਕਾਲੂ ਮੈਂਬਰ ਪੰਚਾਇਤ ਅਤੇ ਸੁਖਪਾਲ ਸਿੰਘ ਪਟਵਾਰੀ ਆਦਿ ਮੌਜੂਦ ਸਨ।