
ਅਯੁਧਿਆ ਜ਼ਮੀਨ ਘਪਲਾ : ਇਕ ਮਹੰਤ ਨੇ ਜ਼ਮੀਨ ਨੂੰ ਦਸਿਆ ਅਪਣੀ, ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਦਿਤੀ ਸੀ ਦਾਨ
ਮੈਂ ਮੰਦਰ ਨਿਰਮਾਣ ਲਈ ਜ਼ਮੀਨ ਮੁਫ਼ਤ ਵਿਚ ਦਿਤੀ ਸੀ, ਕਰੋੜਾਂ ਦੀ ਵੇਚੇ ਜਾਣ ਤੋਂ ਹੈਰਾਨ ਹਾਂ
ਲਖਨਊ, 22 ਜੂਨ : ਉੱਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਇਸ ਸਮੇਂ ਸ਼੍ਰੀਰਾਮ ਮੰਦਰ ਨਿਰਮਾਣ ਲਈ ਖ਼ਰੀਦੀ ਗਈ ਜ਼ਮੀਨ ਵਿਚ ਹੋਏ ਘਪਲੇ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿਚ ਹੈ। ਇਸ ਮਾਮਲੇ ਵਿਚ ਮੰਦਰ ਨਿਰਮਾਣ ਲਈ ਬਣਾਏ ਗਏ ਟਰੱਸਟ ਦੇ ਕਈ ਅਧਿਕਾਰੀਆਂ ’ਤੇ ਜ਼ਮੀਨ ਦੀ ਖ਼ਰੀਦ ਵਿਚ ਕੀਤੇ ਘਪਲੇ ਦੇ ਦੋਸ਼ ਲੱਗੇ ਹਨ। ਇਕ ਡਿਬੇਟ ਵਿਚ ਅਯੁਧਿਆ ਦੇ ਚੌਬੁਰਜੀ ਮੰਦਰ ਦੇ ਮਹੰਤ ਬਿ੍ਰਜਮੋਹਨ ਦਾਸ ਨੇ ਵੀ ਜ਼ਮੀਨ ਦੀ ਖ਼ਰੀਦ ਵਿਚ ਹੋਏ ਘਪਲੇ ’ਤੇ ਸਵਾਲ ਖੜੇ ਕੀਤੇ ਹਨ। ਮਹੰਤ ਬਿ੍ਰਜਮੋਹਨ ਦਾਸ ਨੇ ਕਿਹਾ ਕਿ ਜੋ 135 ਨੰਬਰ ਦੀ ਜ਼ਮੀਨ ਹੈ ਉਹ ਮੇਰੀ ਹੈ। ਇਸ ਜ਼ਮੀਨ ’ਤੇ ਸ਼ੁਰੂ ਤੋਂ ਹੀ ਮੇਰੇ ਗੁਰੂ ਰਾਮਆਸਰੇ ਦਾਸ ਦਾ ਕਬਜ਼ਾ ਰਿਹਾ ਹੈ। ਇਸ ਜ਼ਮੀਨ ’ਤੇ ਅਸੀਂ ਖੇਤੀ ਕਰਦੇ ਹੁੰਦੇ ਸੀ।
ਕਰੀਬ ਢਾਈ ਮਹੀਨੇ ਪਹਿਲਾਂ ਏਡੀਐੱਮ ਪ੍ਰਸਾਸ਼ਨ ਸੰਤੋਸ਼ ਕੁਮਾਰ ਨੇ ਦਸਿਆ ਕਿ ਇਹ ਜ਼ਮੀਨ ਰਾਮ ਮੰਦਰ ਨਿਰਮਾਣ ਟਰੱਸਟ ਨੂੰ ਲੋੜੀਂਦੀ ਹੈ। ਇਸ ਜ਼ਮੀਨ ਨੂੰ ਤੁਸੀਂ ਖ਼ਾਲੀ ਕਰ ਦਿਉ। ਉਨ੍ਹਾਂ ਦੇ ਕਹਿਣ ’ਤੇ ਅਸੀਂ ਜ਼ਮੀਨ ਖਾਲੀ ਕਰ ਦਿਤੀ ਸੀ। ਮਹੰਤ ਬਿ੍ਰਜਮੋਹਨ ਦਾਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗੁਰੂ ਨੇ ਰਾਮ ਜਨਮਭੂਮੀ ਦੇ ਸਾਹਮਣੇ ਦੀ ਜ਼ਮੀਨ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਦਾਨ ਵਿਚ ਦਿਤੀ ਸੀ। ਇਸ ਲਈ ਮੈਂ ਵੀ ਸ੍ਰੀ ਰਾਮ ਮੰਦਰ ਨਿਰਮਾਣ ਟਰੱਸਟ ਨੂੰ ਇਹ ਜ਼ਮੀਨ ਮੁਫ਼ਤ ਵਿਚ ਦੇ ਦਿਤੀ।
ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਕਿ ਇਸ ਜ਼ਮੀਨ ਦਾ ਕਿੱਥੇ-ਕਿੱਥੇ ਸੌਦਾ ਕੀਤਾ ਗਿਆ। ਮੈਨੂੰ ਖ਼ੁਦ ਇਹ ਸੁਣ ਕੇ ਬਹੁਤ ਹੈਰਾਨੀ ਹੋ ਰਹੀ ਹੈ ਕਿ ਜ਼ਮੀਨ ਕਰੋੜਾਂ ਵਿਚ ਵੇਚੀ ਗਈ ਹੈ। ਇਸ ਜ਼ਮੀਨ ਨਾਲ ਜੁੜੇ ਦਸਤਾਵੇਜ਼ ਦਿਖਾਉਂਦੇ ਹੋਏ ਬਿ੍ਰਜਮੋਹਨ ਦਾਸ ਨੇ ਦਾਅਵਾ ਕੀਤਾ ਕਿ ਗਾਟਾ ਸੰਖਿਆ 135 ਦੀ ਇਸ ਜ਼ਮੀਨ ਵਿਚ ਉਨ੍ਹਾਂ ਦੇ ਗੁਰੂ ਰਾਮਆਸਰੇ ਦਾਸ ਸਿਕਮੀ ਕਾਸ਼ਤਕਾਰ ਦੇ ਰੂਪ ਵਿਚ ਦਰਜ ਹੈ। ਇਹ ਜ਼ਮੀਨ ਨਜ਼ੂਲ ਦੀ ਹੈ। ਜ਼ਿਕਰਯੋਗ ਹੈ ਕਿ ਸ੍ਰੀ ਰਾਮ ਮੰਦਰ ਨਿਰਮਾਣ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ’ਤੇ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ 2.5 ਕਰੋੜ ਦੀ ਜ਼ਮੀਨ ਨੂੰ ਲੱਗਭਗ ਸਾਢੇ 18 ਕਰੋੜ ਰੁਪਏ ਵਿਚ ਖ਼ਰੀਦਿਆ ਹੈ।