
ਜਦੋਂ ਤਕ ਕਿਸਾਨਾਂ ਨੂੰ ਫ਼ਸਲਾਂ ਦੀਆਂ ਬਣਦੀਆਂ ਕੀਮਤਾਂ ਦੀ ਕਾਨੂੰਨੀ ਤੌਰ ’ਤੇ ਗਰੰਟੀ ਨਹੀਂ ਮਿਲ ਜਾਂਦੀ ਅੰਦੋਲਨ ਜਾਰੀ ਰੱਖਾਂਗੇ : ਸੰਯੁਕਤ ਕਿਸਾਨ ਮੋਰਚਾ
ਪ੍ਰਮੋਦ ਕੌਸ਼ਲ
ਲੁਧਿਆਣਾ, 22 ਜੂਨ : ਦਿੱਲੀ ਦੇ ਬਾਰਡਰਾਂ ਤੇ ਚਲ ਰਹੇ ਕਿਸਾਨ ਅੰਦੋਲਨ ਨੇ 208 ਦਿਨ ਪੂਰੇ ਕਰ ਲਏ ਹਨ ਪਰ ਹਾਕਮ ਅਜੇ ਵੀ ਚੁੱਪ ਵੱਟੀ ਬੈਠੇ ਹਨ ਅਤੇ ਕਿਸਾਨ ਜਥੇਬੰਦੀਆਂ ਅਪਣੀਆਂ ਮੰਗਾਂ ਨੂੰ ਲੈ ਕੇ ਬਗ਼ੈਰ ਕਿਸੇ ਦੀ ਪ੍ਰਵਾਹ ਕੀਤਿਆਂ ਡਟੀਆਂ ਹੋਈਆਂ ਹਨ। ਸਾਰੇ ਭਾਰਤ ਵਿਚੋਂ ਲਗਾਤਾਰ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਲਹੂ ਪਸੀਨੇ ਦੀ ਮਿਹਨਤ ਦੀ ਕਮਾਈ ਦੇ ਬਾਵਜੂਦ ਕਿਸਾਨਾਂ ਨੂੰ ਫ਼ਸਲਾਂ ਦੇ ਜਾਇਜ਼ ਭਾਅ ਨਹੀਂ ਮਿਲਦੇ।
ਪੰਜਾਬ ਵਿਚ ਜਿਥੇ ਫ਼ਸਲੀ ਵਿਭਿੰਨਤਾ ਦੀ ਸਖ਼ਤ ਤੌਰ ’ਤੇ ਲੋੜ ਹੈ, ਇਥੋਂ ਦੇ ਮੱਕੀ ਦੇ ਉਤਪਾਦਕਾਂ ਨੂੰ ਦਿਤੀਆਂ ਜਾ ਰਹੀਆਂ ਕੀਮਤਾਂ, ਸਰਕਾਰ ਦੁਆਰਾ ਐਲਾਨੇ ਗਏ ਘੱਟੋ ਘੱਟ ਸਮਰਥਨ ਮੁਲ ਦਾ ਇਕ ਤਿਹਾਈ ਹਨ। ਆਂਧਰਾ ਪ੍ਰਦੇਸ਼ ਦੇ ਅੰਬਾਂ ਦੇ ਕਿਸਾਨ ਜਾਇਜ਼ ਕੀਮਤਾਂ ਲਈ ਸੜਕਾਂ ’ਤੇ ਸੰਘਰਸ਼ ਦੇ ਰਾਹ ਹਨ ਅਤੇ ਅੰਦੋਲਨ ਕਰ ਰਹੇ ਹਨ, ਜਦੋਂਕਿ ਮਹਾਰਾਸ਼ਟਰ ਦੇ ਦੁੱਧ ਉਤਪਾਦਕ ਵੀ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅਜਿਹੇ ਹੀ ਹਾਲਾਤ ਤੇਲੰਗਾਨਾ ਵਿਚ ਨਰਮਾ-ਕਪਾਹ ਉਤਪਾਦਕਾਂ ਦੇ ਹਨ। ਤੇਲੰਗਾਨਾ ਦੇ ਜਵਾਰ ਕਿਸਾਨ, ਜਿਨ੍ਹਾਂ ਨੂੰ ਸਰਕਾਰ ਨੇ ਹਾਈ ਕੋਰਟ ਦੇ ਆਦੇਸ਼ਾਂ ਕਾਰਨ ਖ਼ਰੀਦ ਸ਼ੁਰੂ ਕਰਨ ਤੋਂ ਪਹਿਲਾਂ ਐਮਐਸਪੀ ਤੋਂ ਘੱਟ ਵੇਚੀ ਸੀ, ਮੁਆਵਜ਼ੇ ਲਈ ਵਿਰੋਧ ਪ੍ਰਦਰਸਨ ਕਰ ਰਹੇ ਹਨ।
ਕੇਂਦਰ-ਸਰਕਾਰ ਨੂੰ ਚਾਹੀਦਾ ਹੈ ਕਿ ਖੇਤੀ ਕਾਨੂੰਨ ਰੱਦ ਕਰਦਿਆਂ ਸਾਰੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ ਐਸ ਪੀ) ਦੀ ਗਰੰਟੀ ਲਈ ਕਾਨੂੰਨ ਬਣਾਵੇ।
ਭਾਰਤ ਦੇ ਵੱਖ ਵੱਖ ਰਾਜਾਂ ਵਿਚ 26 ਜੂਨ 2021 ਨੂੰ ‘ਖੇਤੀਬਾੜੀ ਬਚਾਉ, ਲੋਕਤੰਤਰ ਬਚਾਓ’ ਦਿਵਸ ਵਜੋਂ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਹਨ। ਕਿਸਾਨ ਰਾਜ ਭਵਨਾਂ ਵਲ ਮਾਰਚ ਕਰਨਗੇ ਅਤੇ ਰਾਜਪਾਲਾਂ ਨੂੰ ਰੋਸ-ਪੱਤਰ ਸੌਂਪਣਗੇ ਅਤੇ ਇਹ ਰੋਸ-ਪੱਤਰ ਭਾਰਤ ਦੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ। ਪੰਜਾਬ ਅਤੇ ਹਰਿਆਣਾ ਵਿਚ ਲਗਭਗ 60-65% ਝੋਨੇ ਦੀ ਲਵਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਕਿਸਾਨ ਹਰ ਰੋਜ਼ ਕਾਫ਼ਲਿਆਂ ਵਿਚ ਆਉਂਦਿਆਂ ਦਿੱਲੀ ਦੇ ਮੋਰਚਿਆਂ ਵਿਚ ਸ਼ਾਮਲ ਹੋ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਅਸਲੀ) ਦੀ ਅਗਵਾਈ ਵਿਚ ਕਿਸਾਨਾਂ ਦਾ ਇਕ ਵੱਡਾ ਕਾਫ਼ਲਾ ਗਾਜ਼ੀਪੁਰ ਬਾਰਡਰ ਪਹੁੰਚਿਆ। ਕੱਲ੍ਹ ਸ਼ਾਮ ਚੰਡੀਗੜ੍ਹ ਪੁਲਿਸ ਵਲੋਂ ਗਿ੍ਰਫ਼ਤਾਰ ਕੀਤੇ ਬਜ਼ੁਰਗ ਕਿਸਾਨ ਬਾਬਾ ਲਾਭ ਸਿੰਘ ਨੂੰ ਲੋਕਾਂ ਦੇ ਡਟਵੇਂ ਵਿਰੋਧ ਉਪਰੰਤ ਤੁਰਤ ਛਡਣਾ ਪਿਆ। ਬਾਬਾ ਲਾਭ ਸਿੰਘ ਲੰਮੇ ਸਮੇਂ ਤੋਂ ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀ ਰਿਹਾਈ ਉਪਰੰਤ ਮਟਕਾ ਚੌਂਕ ਵਿਚ ਜਾਰੀ ਵਿਰੋਧ-ਪ੍ਰਦਰਸ਼ਨ ਮੁੜ ਸ਼ੁਰੂ ਹੋ ਗਿਆ।