
ਬੈਂਕ ਮੁਲਾਜ਼ਮਾਂ ਵਲੋਂ ਹੜਤਾਲ ਦਾ ਐਲਾਨ, ਲਗਾਤਾਰ 3 ਦਿਨ ਬੰਦ ਰਹਿਣਗੇ ਬੈਂਕ
ਨਵੀਂ ਦਿੱਲੀ, 22 ਜੂਨ : ਹੱਕੀ ਮੰਗਾਂ ਨਾ ਮੰਨੇ ਜਾਨ ਦੇ ਸਬੰਧ ਵਿਚ ਬੈਂਕ ਮੁਲਾਜ਼ਮਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ | ਮੁਲਾਜ਼ਮਾਂ ਦੀ ਇਹ ਹੜਤਾਲ 27 ਜੂਨ ਨੂੰ ਹੋਵੇਗੀ ਜਿਸ ਦਿਨ ਸੋਮਵਾਰ ਹੈ ਇਸ ਦੇ ਚਲਦੇ ਹੀ ਲਗਾਤਾਰ ਤਿੰਨ ਦਿਨ ਸਾਰੇ ਬੈਂਕ ਬੰਦ ਰਹਿਣਗੇ ਕਿਉਂਕਿ ਇਸ ਤੋਂ ਪਹਿਲਾਂ 25 ਅਤੇ 26 ਜੂਨ ਨੂੰ ਸਨਿਚਰਵਾਰ ਅਤੇ ਐਤਵਾਰ ਹੋਣ ਕਾਰਨ ਛੁੱਟੀ ਹੋਵੇਗੀ |
ਦਸਣਯੋਗ ਹੈ ਕਿ ਮੁਲਾਜ਼ਮਾਂ ਵਲੋਂ ਹਫ਼ਤੇ ਵਿਚ ਪੰਜ ਦਿਨ ਕੰਮ ਕਰਨ ਦੀ ਮੰਗ ਨੂੰ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਅਜੇ ਤਕ ਸਰਕਾਰ ਵਲੋਂ ਇਸ ਦਾ ਹੱਲ ਨਹੀਂ ਕਢਿਆ ਗਿਆ ਹੈ ਜਿਸ ਕਾਰਨ ਵੱਖ-ਵੱਖ ਥਾਵਾਂ 'ਤੇ ਬੈਂਕ ਮੁਲਾਜ਼ਮਾਂ ਵਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ | ਬੈਂਕ ਕਰਮਚਾਰੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ 27 ਜੂਨ ਨੂੰ ਹੜਤਾਲ ਕਰਨਗੇ | ਇਸ ਤੋਂ ਪਹਿਲਾਂ 25 ਜੂਨ ਨੂੰ ਮਹੀਨੇ ਦੇ ਆਖ਼ਰੀ ਸਨਿਚਰਵਾਰ ਅਤੇ 26 ਜੂਨ ਨੂੰ ਐਤਵਾਰ ਦੀ ਛੁੱਟੀ ਹੋਣ ਕਾਰਨ ਬੈਂਕ ਬੰਦ ਰਹਿਣਗੇ | ਲਗਾਤਾਰ ਤਿੰਨ ਦਿਨ ਬੈਂਕ ਬੰਦ ਰਹਿਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਦੇ ਸੱਦੇ 'ਤੇ ਬੈਂਕ ਯੂਨੀਅਨਾਂ ਨੇ 27 ਜੂਨ ਨੂੰ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਹੈ | ਸਟੇਟ ਬੈਂਕ ਆਫ਼ ਇੰਡੀਆ ਆਫਿਸਰਜ ਐਸੋਸੀਏਸਨ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਮੰਗਾਂ ਵਲ ਧਿਆਨ ਨਹੀਂ ਦਿਤਾ ਜਾ ਰਿਹਾ | ਹੜਤਾਲ ਦਾ ਫ਼ੈਸਲਾ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਪੰਜ ਦਿਨਾ ਬੈਂਕਿੰਗ, ਪੈਨਸ਼ਨ ਮੁੜ ਤੈਅ ਕਰਨ ਅਤੇ ਬੈਂਕ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਲਿਆ ਗਿਆ ਹੈ | (ਏਜੰਸੀ)