
ਦਿੱਲੀ 'ਚ 53 ਮੰਦਰਾਂ ਨੂੰ ਢਾਹੁਣਾ ਚਾਹੁੰਦਾ ਹੈ ਕੇਂਦਰ, 'ਹਿੰਦੂ ਵਿਰੋਧੀ' ਹੈ ਭਾਜਪਾ : 'ਆਪ'
ਕੇਂਦਰ ਨੇ ਦਿੱਲੀ ਸਰਕਾਰ ਨੂੰ ਮੰਦਰਾਂ ਦੀ ਸੂਚੀ ਭੇਜੀ, ਢਾਹੁਣ ਲਈ ਮੰਗੀ ਧਾਰਮਕ ਕਮੇਟੀ ਦੀ ਪ੍ਰਵਾਨਗੀ : ਸੰਜੇ ਸਿੰਘ
ਨਵੀਂ ਦਿੱਲੀ, 22 ਜੂਨ : ਆਮ ਆਦਮੀ ਪਾਰਟੀ (ਆਪ) ਨੇ ਬੁਧਵਾਰ ਨੂੰ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਿੱਲੀ ਦੇ 53 ਮੰਦਰਾਂ ਨੂੰ ਢਾਹੁਣਾ ਚਾਹੁੰਦੀ ਹੈ | ਇਸ ਦੇ ਨਾਲ ਹੀ 'ਆਪ' ਨੇ ਭਾਜਪਾ 'ਤੇ 'ਹਿੰਦੂ ਵਿਰੋਧੀ' ਹੋਣ ਦਾ ਦੋਸ਼ ਵੀ ਲਾਇਆ | ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਕੌਮੀ ਬੁਲਾਰੇ ਸੰਜੇ ਸਿੰਘ ਨੇ ਕਿਹਾ ਕਿ ਕੇਂਦਰ ਨੇ ਦਿੱਲੀ ਸਰਕਾਰ ਨੂੰ ਮੰਦਰਾਂ ਦੀ ਸੂਚੀ ਭੇਜ ਕੇ ਉਨ੍ਹਾਂ ਨੂੰ ਢਾਹੁਣ ਲਈ ਧਾਰਮਕ ਕਮੇਟੀ ਦੀ ਪ੍ਰਵਾਨਗੀ ਮੰਗੀ ਹੈ |
'ਆਪ' ਨੇਤਾ ਨੇ ਕਿਹਾ, ''ਪੂਰੇ ਦੇਸ ਵਿਚ ਉਹ (ਭਾਜਪਾ) ਧਰਮ ਦੀ ਰਖਿਆ ਦੇ ਨਾਂ 'ਤੇ ਡਰਾਮਾ ਕਰਦੇ ਹਨ, ਅਪਣੇ ਆਪ ਨੂੰ ਧਰਮ ਰਖਿਅਕ ਦਸਦੇ ਹਨ, ਹਿੰਸਾ ਭੜਕਾਉਂਦੇ ਹਨ ਅਤੇ ਨਫ਼ਰਤ ਫੈਲਾਉਂਦੇ ਹਨ | ਪਰ ਇਥੇ ਦਿੱਲੀ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ 53 ਮੰਦਰਾਂ ਨੂੰ ਢਾਹੁਣ ਵਾਲੀ ਹੈ |''
ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਨੂੰ ਚਿੱਠੀ ਭੇਜ ਕੇ ਕਿਹਾ ਹੈ ਕਿ ਉਸ ਨੂੰ ਇਨ੍ਹਾਂ 53 ਮੰਦਰਾਂ ਨੂੰ ਢਾਹੁਣ ਲਈ ਧਾਰਮਕ ਕਮੇਟੀ ਦੀ 'ਇਜਾਜ਼ਤ' ਦੀ ਲੋੜ ਹੈ | ਉਨ੍ਹਾਂ ਦੋਸ਼ ਲਾਇਆ, Tਇਹ ਭਾਜਪਾ ਦਾ ਅਸਲੀ ਚਿਹਰਾ ਹੈ | ਇਹ ਦਸਤਾਵੇਜ਼ ਇਸ ਗੱਲ ਦਾ ਸਬੂਤ ਹਨ ਕਿ ਉਹ ਕਿੰਨੇ ਹਿੰਦੂ ਵਿਰੋਧੀ ਹਨ |U ਸੰਸਦ ਮੈਂਬਰ ਨੇ ਮੀਡੀਆ ਨੂੰ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਅਧੀਨ ਭੂਮੀ ਅਤੇ ਵਿਕਾਸ
ਵਿਭਾਗ ਵਲੋਂ ਦਿੱਲੀ ਸਰਕਾਰ ਨੂੰ ਭੇਜੀ ਗਈ ਚਿੱਠੀ ਵੀ ਦਿਖਾਈ |
ਉਨ੍ਹਾਂ ਭਾਜਪਾ ਨੂੰ 'ਪਖੰਡੀਆਂ' ਦੀ ਪਾਰਟੀ ਦਸਿਆ ਅਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਆਦੇਸ਼ ਗੁਪਤਾ ਸ਼ਹਿਰ ਦੇ 53 ਮੰਦਰਾਂ ਨੂੰ ਢਾਹੁਣ ਦੇ ਕਦਮ ਲਈ ਲੋਕਾਂ ਤੋਂ ਮੁਆਫ਼ੀ ਮੰਗਣ | ਸਿੰਘ ਨੇ ਕਿਹਾ, ''ਭਾਜਪਾ ਦੇ ਲੋਕਾਂ ਨੂੰ ਮੂੰਹ ਕਾਲਾ ਕਰ ਕੇ ਘੁੰਮਣਾ ਚਾਹੀਦਾ ਹੈ | ਇਨ੍ਹਾਂ 53 ਮੰਦਰਾਂ ਦਾ ਜ਼ਿਕਰ ਕਰਦਿਆਂ 'ਆਪ' ਸੰਸਦ ਨੇ ਕਿਹਾ ਕਿ ਇਨ੍ਹਾਂ 'ਚੋਂ 19 ਕਸਤੂਰਬਾ ਨਗਰ 'ਚ, 10 ਨੇਤਾਜੀ ਨਗਰ 'ਚ, ਅੱਠ ਸਰੋਜਨੀ ਨਗਰ 'ਚ, ਸੱਤ ਸ੍ਰੀਨਿਵਾਸਪੁਰੀ 'ਚ, ਪੰਜ ਤਿਆਗਰਾਜ ਨਗਰ 'ਚ, ਤਿੰਨ ਨੌਰੋਜੀ ਨਗਰ 'ਚ ਅਤੇ ਇਕ ਮੁਹੰਮਦਪੁਰ ਇਲਾਕੇ 'ਚ ਸਥਿਤ ਹੈ | (ਏਜੰਸੀ)