
ਦੱਸ ਦੇਈਏ ਕਿ ਵੀਰਵਾਰ ਨੂੰ ਵੱਖ-ਵੱਖ ਕਾਲਜਾਂ 'ਚ ਦਾਖਲੇ ਲਈ ਅਪਲਾਈ ਕਰਨ ਦਾ ਆਖ਼ਰੀ ਦਿਨ ਸੀ
ਚੰਡੀਗੜ੍ਹ : ਉਚੇਰੀ ਸਿੱਖਿਆ ਵਿਭਾਗ ਨੇ ਸ਼ਹਿਰ ਦੇ 11 ਪ੍ਰਾਈਵੇਟ ਅਤੇ ਸਰਕਾਰੀ ਕਾਲਜਾਂ ਵਿਚ ਚੱਲ ਰਹੇ ਯੂਜੀ ਦੇ ਕੇਂਦਰੀਕ੍ਰਿਤ ਅਤੇ ਗੈਰ-ਕੇਂਦਰੀਕ੍ਰਿਤ ਕੋਰਸਾਂ ਵਿਚ ਦਾਖਲੇ ਲਈ ਅਰਜ਼ੀਆਂ ਦੀ ਮਿਤੀ 28 ਜੂਨ ਤੱਕ ਵਧਾ ਦਿਤੀ ਹੈ। ਦੱਸ ਦੇਈਏ ਕਿ ਵੀਰਵਾਰ ਨੂੰ ਵੱਖ-ਵੱਖ ਕਾਲਜਾਂ 'ਚ ਦਾਖਲੇ ਲਈ ਅਪਲਾਈ ਕਰਨ ਦਾ ਆਖ਼ਰੀ ਦਿਨ ਸੀ।
ਵੇਰਵੇ ਮੈਗਜ਼ੀਨ ਕਮੇਟੀ ਦੇ ਮੁਖੀ ਪ੍ਰੋ. ਸੰਗਮ ਕਪੂਰ ਨੇ ਦਸਿਆ ਕਿ ਸੋਧਿਆ ਸਮਾਂ ਡੀ.ਐਚ.ਈ. ਦੀ ਵੈੱਬਸਾਈਟ 'ਤੇ ਅਪਡੇਟ ਕੀਤਾ ਗਿਆ ਹੈ। ਅਜੇ ਤੱਕ 12ਵੀਂ ਦੀ ਓਪਨ ਬੋਰਡ ਪ੍ਰੀਖਿਆ ਦਾ ਨਤੀਜਾ ਜਾਰੀ ਨਹੀਂ ਹੋਇਆ ਹੈ, ਅਜਿਹੇ 'ਚ ਇਹ ਵਿਦਿਆਰਥੀ ਦਾਖਲੇ ਤੋਂ ਵਾਂਝੇ ਰਹਿ ਜਾਣਗੇ, ਇਸ ਦੇ ਮੱਦੇਨਜ਼ਰ ਤਰੀਕ ਵਧਾਈ ਗਈ ਹੈ। ਬਾਰ੍ਹਵੀਂ ਦੀ ਪ੍ਰੀਖਿਆ ਦਾ ਨਤੀਜਾ ਇਸ ਹਫ਼ਤੇ ਆਉਣ ਦੀ ਸੰਭਾਵਨਾ ਹੈ।
ਸ਼ਹਿਰ ਦੇ 11 ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵਿਚ 9 ਜੂਨ ਤੋਂ ਸ਼ੁਰੂ ਹੋਈ ਅਰਜ਼ੀ ਪ੍ਰਕਿਰਿਆ ਤਹਿਤ ਕਈ ਕੋਰਸਾਂ ਵਿਚ ਸੀਟਾਂ ਨਾਲੋਂ ਦੁੱਗਣੀਆਂ ਅਤੇ ਕਈਆਂ ਵਿਚ 4 ਗੁਣਾ ਵੱਧ ਸੀਟਾਂ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਹੁਣ ਤੱਕ ਉਚੇਰੀ ਸਿੱਖਿਆ ਵਿਭਾਗ ਨੂੰ ਸਾਰੇ ਕੋਰਸਾਂ ਵਿਚ 17888 ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਬੀ.ਕਾਮ ਅਤੇ ਬੀ.ਸੀ.ਏ. ਲਈ ਸੀਟਾਂ ਨਾਲੋਂ 5 ਗੁਣਾ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਵਾਰ ਵੀ ਸ਼ਹਿਰ ਦੇ ਕਾਲਜਾਂ ਵਿਚ ਇਨ੍ਹਾਂ ਕੋਰਸਾਂ ਵਿਚ ਦਾਖ਼ਲੇ ਲਈ ਮੁਕਾਬਲਾ ਹੋਵੇਗਾ। ਕਾਲਜਾਂ ਵਿਚ ਬੀ.ਕਾਮ ਦੀਆਂ 2310 ਸੀਟਾਂ ਲਈ 5206, ਬੀ.ਸੀ.ਏ ਦੀਆਂ 880 ਸੀਟਾਂ ਲਈ 4228 ਅਤੇ ਬੀ.ਬੀ.ਏ ਦੀਆਂ 520 ਸੀਟਾਂ ਲਈ 3716 ਅਰਜ਼ੀਆਂ ਦਾਖ਼ਲ ਹੋਈਆਂ ਹਨ। ਬੀਐਸਸੀ ਮੈਡੀਕਲ ਵਿਚ 735 ਅਤੇ ਨਾਨ ਮੈਡੀਕਲ ਵਿਚ 733 ਸੀਟਾਂ ਹਨ।
ਯੂਜੀ ਕੋਰਸਾਂ ਲਈ ਦਾਖ਼ਲੇ ਦੀ ਸੋਧੀ ਸਮਾਂ-ਸਾਰਣੀ
ਅਰਜ਼ੀ ਦਾ ਆਖ਼ਰੀ ਦਿਨ - 28 ਜੂਨ
ਬਿਨੈਕਾਰਾਂ ਦੀ ਸੂਚੀ ਜਾਰੀ ਕਰਨ ਦੀ ਮਿਤੀ - 30 ਜੂਨ
ਕਾਲਜਾਂ ਨੂੰ ਕਮੀਆਂ ਬਾਰੇ ਜਾਣਕਾਰੀ ਦੇਣ ਦਾ ਸਮਾਂ - 1 ਜੁਲਾਈ, ਸ਼ਾਮ 5 ਵਜੇ
ਆਰਜ਼ੀ ਮੈਰਿਟ ਸੂਚੀ ਜਾਰੀ ਕਰਨਾ - 5 ਜੁਲਾਈ, ਸ਼ਾਮ 5 ਵਜੇ
ਕਾਲਜ ਅਲਾਟਮੈਂਟ (ਕੇਂਦਰੀਕ੍ਰਿਤ ਕੋਰਸ) ਦੇ ਨਾਲ ਆਰਜ਼ੀ ਸੂਚੀ ਜਾਰੀ - 7 ਜੁਲਾਈ, ਦੁਪਹਿਰ 12.30 ਵਜੇ
ਦਾਖਲਾ ਸ਼ੁਰੂ - 10 ਜੁਲਾਈ, ਸਵੇਰੇ 9 ਵਜੇ
ਚੰਡੀਗੜ੍ਹ ਦੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵਿਚ ਦਾਖਲਾ 85:15 ਦੇ ਅਨੁਪਾਤ ਵਿਚ ਹੈ। ਕਾਲਜਾਂ ਵਿਚ 85 ਫੀਸਦੀ ਸੀਟਾਂ ਸ਼ਹਿਰ ਦੇ ਸਕੂਲਾਂ, ਜਿਸ ਨੂੰ ਯੂਟੀ ਪੂਲ ਕਿਹਾ ਜਾਂਦਾ ਹੈ, ਤੋਂ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਪਾਸ ਕਰਨ ਵਾਲੇ ਵਿਦਿਆਰਥੀਆਂ ਲਈ ਰਾਖਵੀਆਂ ਹਨ। ਇਸ ਦੇ ਨਾਲ ਹੀ 15 ਫੀਸਦੀ ਸੀਟਾਂ ਦੂਜੇ ਰਾਜਾਂ ਦੇ ਵਿਦਿਆਰਥੀਆਂ ਲਈ ਹਨ, ਜਿਨ੍ਹਾਂ ਨੂੰ ਜਨਰਲ ਪੂਲ ਸ਼੍ਰੇਣੀ ਤਹਿਤ ਰੱਖਿਆ ਗਿਆ ਹੈ। ਉਮੀਦਵਾਰ ਇੱਕੋ ਸਮੇਂ ਤਿੰਨ ਤੋਂ ਪੰਜ ਕਾਲਜਾਂ ਵਿਚ ਦਾਖ਼ਲੇ ਲਈ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਨੂੰ ਆਪਣਾ ਮੋਬਾਈਲ ਨੰਬਰ ਅਤੇ ਈ-ਮੇਲ ਆਈ.ਟੀ. ਜਾਣਕਾਰੀ ਦੇਣੀ ਪਵੇਗੀ, ਇਸ 'ਤੇ ਦਾਖਲੇ ਸੰਬੰਧੀ ਜਾਣਕਾਰੀ ਦਿਤੀ ਜਾਵੇਗੀ।
ਪੋਸਟ ਗ੍ਰੈਜੂਏਟ ਸਰਕਾਰੀ ਕਾਲਜ-11, ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਫਾਰ ਗਰਲਜ਼-11, ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਫਾਰ ਗਰਲਜ਼-42, ਪੋਸਟ ਗ੍ਰੈਜੂਏਟ ਸਰਕਾਰੀ ਕਾਲਜ-46, ਸਰਕਾਰੀ ਕਾਲਜ ਆਫ ਕਾਮਰਸ ਐਂਡ ਬਿਜ਼ਨਸ ਐਡਮਨਿਸਟ੍ਰੇਸ਼ਨ-50, ਡੀਏਵੀ ਕਾਲਜ-10, ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ-26, ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਫ਼ਾਰ ਵੂਮੈਨ-26, ਐਸ.ਡੀ.ਕਾਲਜ-32, ਐਮ.ਸੀ.ਐਮ ਡੀ.ਏ.ਵੀ ਕਾਲਜ ਫ਼ਾਰ ਵੂਮੈਨ-36, ਦੇਵ ਸਮਾਜ ਕਾਲਜ ਫ਼ਾਰ ਵੂਮੈਨ-45 ਸ਼ਾਮਲ ਹਨ।