
ਪਾਸੀ ਨੂੰ ਬੀਤੇ ਦਿਨੀਂ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਬਾਹਰ 3 ਹਮਲਾਵਰਾਂ ਨੇ ਮਾਰੀਆਂ ਸਨ ਗੋਲ਼ੀਆਂ
Ferozepur News : ਫ਼ਿਰੋਜ਼ਪੁਰ ਜੇਲ੍ਹ ਦੇ ਬਾਹਰ ਗੈਂਗ ਵਾਰ ਦਾ ਸ਼ਿਕਾਰ ਹੋਏ ਕਾਂਗਰਸੀ ਆਗੂ ਲਲਿਤ ਪਾਸੀ ਉਰਫ਼ ਲਾਲੀ ਵਾਸੀ ਫ਼ਿਰੋਜ਼ਪੁਰ ਛਾਉਣੀ ਦੀ ਅੱਜ ਤੀਜੇ ਦਿਨ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਪਾਸੀ ਨੂੰ ਸ਼ੁੱਕਰਵਾਰ ਦੇਰ ਸ਼ਾਮ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਬਾਹਰ ਕਰੀਬ 3 ਹਮਲਾਵਰਾਂ ਨੇ ਗੋਲ਼ੀਆਂ ਮਾਰੀਆਂ ਸਨ।
ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਬਾਹਰ ਵਾਪਰੀ ਹੈ। ਲਾਲੀ ਜੇਲ੍ਹ ਦੇ ਬਾਹਰ ਆਪਣੇ ਦੋਸਤ ਰਵੀ ਦੀ ਉਡੀਕ ਕਰ ਰਿਹਾ ਸੀ, ਕਿਉਂਕਿ ਉਸਦਾ ਦੋਸਤ ਜ਼ਮਾਨਤ ਤੇ ਬਾਹਰ ਆਇਆ ਰਿਹਾ ਸੀ। ਰਵੀ ਜਦੋਂ ਜੇਲ੍ਹ ਤੋਂ ਬਾਹਰ ਆਇਆ ਤਾਂ ਲਲਿਤ ਤੇ ਉਸਦੇ ਸਾਥੀ ਭੰਗੜਾ ਪਾਉਣ ਲੱਗ ਪਏ। ਇਸ ਦੌਰਾਨ ਬੁਲੇਟ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਲਲਿਤ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਲਲਿਤ ਨੂੰ ਤਿੰਨ ਗੋਲ਼ੀਆਂ ਲੱਗੀਆਂ ਸਨ ਅਤੇ ਲਲਿਤ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਮੋਗਾ ਦੇ ਮੈਡੀਸਿਟੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਅੱਜ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਲਲਿਤ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਥਾਣਾ ਫ਼ਿਰੋਜ਼ਪੁਰ ਪੁਲਸ ਨੇ ਕਾਰਵਾਈ ਕੀਤੀ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਕਾਲਜ ਲੈ ਗਈ ਹੈ।
ਲਲਿਤ ਖਿਲਾਫ 8 ਮਾਮਲੇ ਦਰਜ
ਲਲਿਤ ਪਾਸੀ ਉਰਫ਼ ਲਾਲੀ ਖ਼ਿਲਾਫ਼ ਫ਼ਿਰੋਜ਼ਪੁਰ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਕੁੱਲ 8 ਕੇਸ ਦਰਜ ਹਨ। ਜਿਸ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਹੋਰ ਅਪਰਾਧਿਕ ਮਾਮਲੇ ਸ਼ਾਮਲ ਹਨ। ਲਾਲੀ ਦੀ ਮੌਤ ਦੀ ਪੁਸ਼ਟੀ ਸਬ-ਡਵੀਜ਼ਨ ਫ਼ਿਰੋਜ਼ਪੁਰ ਦੇ ਡੀਐੱਸਪੀ ਸੁਖਵਿੰਦਰ ਸਿੰਘ ਨੇ ਕੀਤੀ ਹੈ।
ਜ਼ਖਮੀ ਲਲਿਤ ਨੇ ਪੁਲਿਸ ਨੂੰ ਦਿੱਤੇ ਸਨ ਬਿਆਨ
ਗੋਲੀਬਾਰੀ ਦੀ ਘਟਨਾ ਤੋਂ ਬਾਅਦ ਲਲਿਤ ਨੇ ਫ਼ਿਰੋਜ਼ਪੁਰ ਸਿਟੀ ਪੁਲਿਸ ਨੂੰ ਆਪਣੇ ਬਿਆਨ ਦਿੱਤੇ ਸਨ। ਜਿਸ ਵਿੱਚ ਲਲਿਤ ਨੇ ਫ਼ਿਰੋਜ਼ਪੁਰ ਛਾਉਣੀ ਦੇ ਰਹਿਣ ਵਾਲੇ ਨੰਨਾ, ਸਲੀਮ ਅਤੇ ਅਜੈ ਜੋਸ਼ੀ ਨੂੰ ਖੁਦ 'ਤੇ ਗੋਲੀ ਚਲਾਉਣ ਦੀ ਗੱਲ ਕਹੀ ਸੀ। ਲਲਿਤ ਨੇ ਪੁਲਿਸ ਨੂੰ ਆਪਣੇ ਬਿਆਨ 'ਚ ਦੱਸਿਆ ਕਿ ਸਾਬਕਾ ਐਮਸੀ ਅਜੇ ਜੋਸ਼ੀ ਦੀ ਉਸ ਨਾਲ ਰੰਜਿਸ਼ ਸੀ। ਜਿਸ ਕਾਰਨ ਉਸ 'ਤੇ ਗੋਲੀਆਂ ਚਲਾਈਆਂ ਗਈਆਂ ਸੀ।
ਉਕਤ ਬਿਆਨਾਂ ਦੇ ਆਧਾਰ 'ਤੇ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਏ.ਐੱਸ.ਆਈ.ਗਹਾਨਰਾਮ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਤਿੰਨੋਂ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਫਿਲਹਾਲ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ, ਉਮੀਦ ਹੈ ਕਿ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਜਾਵੇਗਾ।