
SGPC ਦੀ ਸ਼ਿਕਾਇਤ 'ਤੇ ਅਰਚਨਾ ਵਿਰੁੱਧ ਧਾਰਾ 295-ਏ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ
Yoga at Golden Temple: 21 ਜੂਨ ਯਾਨੀ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਪ੍ਰਭਾਵਕ ਅਰਚਨਾ ਮਕਵਾਨਾ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਕੀਤੀ ਹੈ। ਅਰਚਨਾ ਵਿਰੁੱਧ ਧਾਰਾ 295-ਏ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਗੁਜਰਾਤ ਦੀ ਰਹਿਣ ਵਾਲੀ ਅਰਚਨਾ ਮਕਵਾਨਾ ਨੇ ਸ੍ਰੀ ਹਰਿਮੰਦਰ ਸਾਹਿਬ 'ਚ ਯੋਗ ਕਰਦੇ ਸਮੇਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀਆਂ ਸਨ। ਇਸ ਤੋਂ ਬਾਅਦ ਇਹ ਤਸਵੀਰਾਂ ਵਾਇਰਲ ਹੋ ਗਈਆਂ। ਇਸ ਗੱਲ ਦਾ ਪਤਾ ਲੱਗਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਸਖ਼ਤ ਇਤਰਾਜ਼ ਪ੍ਰਗਟਾਇਆ।
ਐਸਜੀਪੀਸੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਡਿਊਟੀ ਕਰਨ ਵਾਲੇ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਅਰਚਨਾ ਮਕਵਾਣਾ ਖਿਲਾਫ ਕਾਰਵਾਈ ਲਈ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ। ਹਾਲਾਂਕਿ ਲੋਕਾਂ ਦੀ ਨਾਰਾਜ਼ਗੀ ਦਾ ਪਤਾ ਲੱਗਣ ਤੋਂ ਬਾਅਦ ਅਰਚਨਾ ਨੇ ਮੁਆਫੀ ਮੰਗ ਲਈ ਹੈ ਪਰ ਫਿਰ ਵੀ ਉਨ੍ਹਾਂ ਖਿਲਾਫ FIR ਦਰਜ ਕੀਤੀ ਗਈ ਹੈ।
ਜਾਣੋ ਕੀ ਲਿਖਿਆ ਹੈ ਸ਼ਿਕਾਇਤ 'ਚ
FIR ਵਿੱਚ ਭਗਵੰਤ ਸਿੰਘ ਨੇ ਲਿਖਵਾਇਆ ਹੈ ਕਿ 22 ਜੂਨ 2024 ਨੂੰ ਅਸੀਂ ਆਪਣੀ ਡਿਊਟੀ 'ਤੇ ਮੌਜੂਦ ਸੀ ਕਿ ਯੂਟਿਊਬ ਅਤੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਵਾਇਰਲ ਕੀਤੀ ਗਈ। ਇਸ ਵਿੱਚ ਅਰਚਨਾ ਮਕਵਾਨਾ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ ਨੇੜੇ ਇੱਕ ਥਾਂ ’ਤੇ ਯੋਗ ਕਰਦੀ ਦੀ ਫੋਟੋ ਖਿੱਚੀ ਅਤੇ ਜਾਣਬੁੱਝ ਕੇ ਵਾਇਰਲ ਕਰ ਰਹੀ ਹੈ। ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ।
ਅਰਚਨਾ ਦੀ ਫੋਟੋ ਸਾਹਮਣੇ ਆਉਣ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਜਿਹਾ ਕੰਮ ਕਰਨਾ ਸਿੱਖ ਮਰਿਆਦਾ ਦੇ ਖ਼ਿਲਾਫ਼ ਹੈ। ਫਿਰ ਵੀ ਕੁਝ ਲੋਕ ਜਾਣਬੁੱਝ ਕੇ ਇਸ ਪਵਿੱਤਰ ਅਸਥਾਨ ਦੀ ਪਵਿੱਤਰਤਾ ਅਤੇ ਇਤਿਹਾਸਕ ਮਹੱਤਤਾ ਨੂੰ ਨਜ਼ਰਅੰਦਾਜ਼ ਕਰਕੇ ਹੋਸੀਆ ਹਰਕਤਾਂ ਕਰਦੇ ਹਨ। ਹਾਲ ਹੀ ਵਿੱਚ ਇੱਕ ਲੜਕੀ ਨੇ ਅਜਿਹੀ ਹਰਕਤ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਜਿਸ ਲਈ ਪੁਲਿਸ ਨੂੰ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ।
ਲੜਕੀ ਨੇ ਸੋਸ਼ਲ ਮੀਡੀਆ 'ਤੇ ਇਕ ਸਟੋਰੀ ਪੋਸਟ ਕਰਕੇ ਮੰਗੀ ਮੁਆਫੀ
SGPC ਵੱਲੋਂ ਕਾਰਵਾਈ ਕੀਤੇ ਜਾਣ ਤੋਂ ਬਾਅਦ ਅਰਚਨਾ ਮਕਵਾਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਟੋਰੀ ਪੋਸਟ ਕਰਕੇ ਮੁਆਫੀ ਮੰਗੀ ਹੈ। ਅਰਚਨਾ ਨੇ ਕਿਹਾ ਕਿ ਉਸ ਨੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਪੋਸਟ ਨਹੀਂ ਕੀਤੀ ਸੀ। ਉਸ ਨੂੰ ਪਤਾ ਨਹੀਂ ਸੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਯੋਗਾ ਕਰਨਾ ਗਲਤ ਹੈ। ਉਹ ਸਿਰਫ ਸਨਮਾਨ ਦੇ ਰਹੀ ਸੀ, ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ। ਅਰਚਨਾ ਨੇ ਕਿਹਾ, 'ਮੈਂ ਇਸ ਗਲਤੀ ਲਈ ਮੁਆਫੀ ਮੰਗਦੀ ਹਾਂ। ਮੈਂ ਵਾਅਦਾ ਕਰਦੀ ਹਾਂ ਕਿ ਮੈਂ ਭਵਿੱਖ ਵਿੱਚ ਅਜਿਹਾ ਕਦੇ ਨਹੀਂ ਕਰਾਂਗੀ। ਮੇਰੀ ਮਾਫੀ ਪ੍ਰਵਾਨ ਕੀਤੀ ਜਾਵੇ।