
ਪੰਜਾਬ ਸਰਕਾਰ ਰਾਜ ਵਿਚ ਨਸ਼ੇ ਨੂੰ ਖਤਮ ਕਰਨ ਲਈ ਦ੍ਰਿੜ ਹੈ ਅਤੇ ਇਸ ਦੇ ਖਾਤਮੇ ਵਿਚ ਕੋਈ ਅੜਚਣ ਨਹੀਂ ਆਉਣ ਦਿਤੀ ਜਾਵੇਗੀ। ਨਸ਼ਾ ਸਾਡੀ ਨੌਜਵਾਨ ਪੀੜ੍ਹੀ...
ਅੰਮ੍ਰਿਤਸਰ, 'ਪੰਜਾਬ ਸਰਕਾਰ ਰਾਜ ਵਿਚ ਨਸ਼ੇ ਨੂੰ ਖਤਮ ਕਰਨ ਲਈ ਦ੍ਰਿੜ ਹੈ ਅਤੇ ਇਸ ਦੇ ਖਾਤਮੇ ਵਿਚ ਕੋਈ ਅੜਚਣ ਨਹੀਂ ਆਉਣ ਦਿਤੀ ਜਾਵੇਗੀ। ਨਸ਼ਾ ਸਾਡੀ ਨੌਜਵਾਨ ਪੀੜ੍ਹੀ ਨੂੰ ਘੁਣ ਵਾਂਗ ਖਾ ਰਿਹਾ ਹੈ ਅਤੇ ਇਸ ਘੁਣ ਨੂੰ ਖਤਮ ਕਰਕੇ ਹੀ ਸਰਕਾਰ ਦਮ ਲਵੇਗੀ।' ਉਕਤ ਸਬਦਾਂ ਦਾ ਪ੍ਰਗਟਾਵਾ ਮਾਲ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਪ੍ਰੈਸ ਨਾਲ ਗੱਲਬਾਤ ਕਰਦੇ ਕੀਤਾ।
ਸਰਕਾਰ ਵਲੋਂ ਨਸ਼ੇ ਦੇ ਸਮਗਲਿੰਗ ਨੂੰ ਰੋਕਿਆ ਗਿਆ ਹੈ ਅਤੇ ਨਸ਼ਾ ਕਰਦੇ ਨੌਜਵਾਨਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਵਿਚ ਮੁਫ਼ਤ ਕੀਤਾ ਜਾ ਰਿਹਾ ਹੈ। ਸਰਕਾਰ ਦੀਆਂ ਇਨਾਂ ਕੋਸਿਸ਼ਾਂ ਸਦਕਾ ਸਾਰੇ ਪੰਜਾਬ ਵਿਚ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੀ ਗਿਣਤੀ ਅੱਗੇ ਨਾਲੋਂ ਕਈ ਗੁਣਾ ਵੱਧ ਗਈ ਹੈ ਅਤੇ ਹੁਣ ਆਮ ਲੋਕ ਖ਼ੁਦ ਵੀ ਨਸ਼ੇੜੀ ਨੌਜਵਾਨਾਂ ਨੂੰ ਇਲਾਜ ਲਈ ਲੈ ਕੇ ਹਸਪਤਾਲ ਆ ਰਹੇ ਹਨ, ਜੋ ਕਿ ਇਕ ਚੰਗਾ ਸੰਕੇਤ ਹੈ।
Sukhbinder Singh Sarkaria
ਨਸ਼ਾ ਜਿਸ ਪੱਧਰ 'ਤੇ ਫੈਲ ਚੁੱਕਿਆ ਹੈ, ਉਸ ਦੇ ਖਾਤਮੇ ਲਈ ਲੋਕਾਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ ਅਤੇ ਅੱਜ ਸਮਾਜ ਦਾ ਹਰ ਵਰਗ ਇਸ ਵਿਰੁੱਧ ਖੜ ਗਿਆ ਹੈ, ਜੋ ਕਿ ਬੜੀ ਤਸੱਲੀ ਵਾਲੀ ਗੱਲ ਹੈ। ਜਿਸ ਜੋਸ਼ ਨਾਲ ਲੋਕ ਨਸ਼ੇ ਦੇ ਖਾਤਮੇ ਲਈ ਅੱਗੇ ਆਏ ਹਨ, ਉਸ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਪੰਜਾਬ ਵਿਚ ਨਸ਼ਾ ਹੁਣ ਬਹੁਤੇ ਦਿਨ ਨਹੀਂ ਟਿਕੇਗਾ। ਸ. ਸਰਕਾਰੀਆ ਇਸ ਮੌਕੇ ਅਪਣੇ ਪ੍ਰਸੰਸਕਾਂ ਵਲੋਂ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵਿਚ ਵੀ ਸ਼ਾਮਲ ਹੋਏ।