
ਦਰਬਾਰਾ ਸਿੰਘ ਗੁਰੂ ਅਤੇ ਮੁਹੰਮਦ ਇਜ਼ਹਾਰ ਆਲਮ ਬਾਰੇ ਆਪਣਾ ਸਟੈਂਡ ਸਪਸ਼ਟ ਕਰੇ ਅਕਾਲੀ ਦਲ : ਆਪ
ਚੰਡੀਗੜ੍ਹ : ਲੰਮੇ ਸਮੇਂ ਤੋਂ ਸੱਤਾ ਭੋਗਦੀਆਂ ਆ ਰਹੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਆਪਣੇ ਸੌੜੇ ਸਿਆਸੀ ਹਿਤਾਂ ਲਈ ਧਰਮ ਨੂੰ ਵਰਤਣ ਤੋਂ ਕਦੇ ਨਹੀਂ ਝਿਜਕਦੀਆਂ। ਸਮਾਜ 'ਚ ਵੰਡੀਆਂ ਪਾਉਣ ਅਤੇ ਆਪਸੀ ਭਾਈਚਾਰੇ ਨੂੰ ਪਾੜੇ ਰੱਖਣ ਲਈ ਬੇਅਦਬੀ ਅਤੇ ਗੋਲੀਕਾਂਡ ਵਰਗੇ ਮਾਮਲਿਆਂ ਦੀ ਜਾਂਚ ਠੰਢੇ ਬਸਤੇ 'ਚ ਸੁੱਟ ਦਿੱਤੀਆਂ ਹਨ। ਨਕੋਦਰ ਕਾਂਡ ਇਸ ਦੀ ਦਹਾਕਿਆਂ ਪੁਰਾਣੀ ਅਤੇ ਬਰਗਾੜੀ-ਬਹਿਬਲ ਕਲਾਂ ਤਾਜ਼ਾ ਮਿਸਾਲਾਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਜਲੰਧਰ ਤੋਂ ਪਾਰਟੀ ਉਮੀਦਵਾਰ ਰਹੇ ਜਸਟਿਸ ਜ਼ੋਰ ਸਿੰਘ ਨੇ ਕੀਤਾ।
Jai Kishan Rori
ਆਪ ਆਗੂਆਂ ਨੇ 33 ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਸ਼ਾਂਤੀਪੂਰਵਕ ਰੋਸ ਜਤਾ ਰਹੀ ਸੰਗਤ 'ਤੇ ਬਹਿਬਲ ਕਲਾਂ ਵਾਂਗ ਗੋਲੀਬਾਰੀ ਕਰ ਕੇ 4 ਸਿੱਖ ਨੌਜਵਾਨਾਂ ਨੂੰ ਮਾਰ ਮੁਕਾਉਣ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਾਬਕਾ ਅਧਿਕਾਰੀ ਅਤੇ ਅਕਾਲੀ ਦਲ (ਬਾਦਲ) ਦੇ ਸੀਨੀਅਰ ਲੀਡਰ ਦਰਬਾਰਾ ਸਿੰਘ ਗੁਰੂ (ਆਈਏਐਸ) ਅਤੇ ਮੁਹੰਮਦ ਇਜ਼ਹਾਰ ਆਲਮ (ਆਈਪੀਐਸ) ਸਮੇਤ ਪੰਜਾਬ ਸਰਕਾਰ ਦੇ ਗ੍ਰਹਿ ਸਕੱਤਰ ਨੂੰ ਨੋਟਿਸ ਜਾਰੀ ਕਰਨ ਦਾ ਸਵਾਗਤ ਕਰਦੇ ਹੋਏ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਜ਼ਹਾਰ ਆਲਮ ਅਤੇ ਦਰਬਾਰਾ ਸਿੰਘ ਗੁਰੂ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਦੀ ਮੰਗ ਕੀਤੀ ਹੈ।
Kultar Singh Sandhwan
ਪ੍ਰੈਸ ਬਿਆਨ 'ਚ ਪਾਰਟੀ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਹਮੇਸ਼ਾ ਹੀ ਪੰਥ ਦੇ ਨਾਮ 'ਤੇ ਵੋਟਾਂ ਸੇਕਣ ਵਾਲੇ ਅਕਾਲੀ ਦਲ (ਬਾਦਲ) ਨੇ ਉਨ੍ਹਾਂ ਲੋਕਾਂ ਅਤੇ ਅਫ਼ਸਰਾਂ ਨੂੰ ਤਰੱਕੀਆਂ ਅਤੇ ਵੱਡੇ ਰੁਤਬਿਆਂ ਨਾਲ ਨਿਵਾਜਿਆ ਹੈ, ਜਿਨ੍ਹਾਂ ਨੇ ਪੰਜਾਬ ਅਤੇ ਪੰਥ ਦਾ ਰੱਜ ਕੇ ਘਾਣ ਕੀਤਾ। 'ਆਪ' ਆਗੂਆਂ ਨੇ ਦੱਸਿਆ ਕਿ 2 ਫ਼ਰਵਰੀ 1986 ਨੂੰ ਨਕੋਦਰ ਦੇ ਗੁਰੂ ਨਾਨਕਪੁਰਾ ਵਿਚਲੇ ਗੁਰਦੁਆਰਾ ਗੁਰੂ ਅਰਜਨ ਦੇਵ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਪਵਿੱਤਰ ਬੀੜਾਂ ਅਗਨ ਭੇਟ ਹੋ ਗਈਆਂ ਸਨ।
Zora Singh
ਦੋ ਦਿਨਾਂ ਬਾਅਦ 4 ਫ਼ਰਵਰੀ ਨੂੰ ਰੋਸ ਵਜੋਂ ਸ਼ਾਂਤੀਪੂਰਵਕ ਧਰਨਾ ਦੇ ਰਹੀ ਸੰਗਤ ਉੱਤੇ ਪੁਲਿਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 4 ਸਿੱਖ ਨੌਜਵਾਨ ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਗੜ੍ਹ, ਝਿਲਮਿਲ ਸਿੰਘ ਗੌਰਸੀਆ ਅਤੇ ਹਰਮਿੰਦਰ ਸਿੰਘ ਰਾਏਪੁਰ ਚਲੂਪੁਰ ਨੂੰ ਮਾਰ ਦਿੱਤਾ ਸੀ। ਉਸ ਸਮੇਂ ਦਰਬਾਰਾ ਸਿੰਘ ਏਡੀਸੀ (ਡੀਸੀ ਦੀਆਂ ਸ਼ਕਤੀਆਂ ਵਰਤਣ ਦੇ ਅਧਿਕਾਰ) ਜਲੰਧਰ ਅਤੇ ਇਜ਼ਹਾਰ ਆਲਮ ਐਸਐਸਪੀ ਜਲੰਧਰ ਸਨ। ਇਨ੍ਹਾਂ ਦੋਵੇਂ ਅਫ਼ਸਰਾਂ ਦੀ ਇਸ ਮਾਮਲੇ 'ਚ ਭੂਮਿਕਾ ਨਕਾਰਾਤਮਕ ਰਹੀ। ਜਿਸ ਕਾਰਨ ਇਕ ਮ੍ਰਿਤਕ ਨੌਜਵਾਨ ਰਵਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਲਿੱਤਰਾਂ ਵਲੋਂ ਪਾਈ ਪਟੀਸ਼ਨ ਤੇ ਹਾਈਕੋਰਟ ਨੇ ਗੁਰੂ, ਆਲਮ ਅਤੇ ਪੰਜਾਬ ਸਰਕਾਰ ਨੂੰ ਜਵਾਬਦੇਹੀ ਲਈ ਤਲਬ ਕੀਤਾ ਹੈ, ਜਿਸ ਦਾ ਆਮ ਆਦਮੀ ਪਾਰਟੀ ਸਵਾਗਤ ਕਰਦੀ ਹੈ।