
ਨਵੰਬਰ 1984 ਦੌਰਾਨ ਹੋਏ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਬਲਵਾਨ ਖੋਖਰ ਵਲੋਂ ਲਗਾਈ ਜ਼ਮਾਨਤ ਦੀ ਅਪੀਲ ਨੂੰ
ਨਵੀਂ ਦਿੱਲੀ, 22 ਜੁਲਾਈ (ਸੁਖਰਾਜ ਸਿੰਘ): ਨਵੰਬਰ 1984 ਦੌਰਾਨ ਹੋਏ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਬਲਵਾਨ ਖੋਖਰ ਵਲੋਂ ਲਗਾਈ ਜ਼ਮਾਨਤ ਦੀ ਅਪੀਲ ਨੂੰ ਅੱਜ ਸੁਪਰੀਮ ਕੋਰਟ ਦੇ ਜੱਜਾਂ ਅੱਗੇ ਪੇਸ਼ ਕੀਤਾ ਗਿਆ। ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਨੇ ਦਸਿਆ ਕਿ ਬਲਵਾਨ ਖੋਖਰ ਨੇ ਕੋਰੋਨਾ ਵਾਇਰਸ ਦੇ ਜੋਖ਼ਮ ਅਤੇ ਅਪਣੀ ਸਿਹਤ ਦੇ ਆਧਾਰ ’ਤੇ ਅੰਤਰਮ ਜ਼ਮਾਨਤ ਮੰਗੀ ਹੈ।
ਜ਼ਿਕਰਯੋਗ ਹੈ ਕਿ ਖੋਖਰ ਸੱਜਣ ਕੁਮਾਰ ਦਾ ਸਾਥੀ ਤੇ ਕਾਂਗਰਸੀ ਕੌਂਸਲਰ ਸੀ ਅਤੇ ਇਸ ਮਾਮਲੇ ਵਿਚ ਉਸ ਦਾ ਕੇਸ ਸੱਜਣ ਕੁਮਾਰ ਦੇ ਕੇਸ ਨਾਲ ਜੁੜਿਆ ਹੋਇਆ ਹੈ। ਕਾਂਗਰਸੀ ਕੌਂਸਲਰ ਬਲਵਾਨ ਖੋਖਰ ਨੂੰ ਸਿੱਖ ਕਤਲੇਆਮ ਦੇ ਇਕ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਜਿਸ ਵਿਚ ਉਸ ਨੂੰ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
File Photo
ਬਲਵਾਨ ਖੋਖਰ ਦੀ ਉਮਰ ਕੈਦ ਨੂੰ ਦਿੱਲੀ ਹਾਈ ਕੋਰਟ ਨੇ ਸਾਲ 2018 ਵਿਚ ਬਰਕਰਾਰ ਰਖਿਆ ਸੀ, ਜਦਕਿ ਉਸ ਦੇ ਸਾਥੀ ਸੱਜਣ ਕੁਮਾਰ ਨੂੰ ਪਾਲਮ ਕਾਲੋਨੀ ਦੇ ਰਾਜ ਨਗਰ ਭਾਗ-1 ਖੇਤਰ ਵਿਚ ਪੰਜ ਸਿੱਖਾਂ ਦੀ ਹਤਿਆ ਨਾਲ ਜੁੜੇ ਇਕ ਕੇਸ ਵਿਚ ਹੇਠਲੀ ਅਦਾਲਤ ਨੇ 2013 ਵਿਚ ਬਰੀ ਕਰ ਦਿਤਾ ਸੀ। ਦਖਣੀ ਤੇ ਪੱਛਮੀ ਦਿੱਲੀ ਵਿਚ 1 ਤੇ 2 ਨਵੰਬਰ 1984 ਨੂੰ ਅਤੇ ਰਾਜ ਨਗਰ ਭਾਗ-2 ਵਿਖੇ ਇਕ ਗੁਰਦਵਾਰਾ ਸਾਹਿਬ ਨੂੰ ਸਾੜਿਆ ਗਿਆ ਸੀ। ਅਦਾਲਤ ਵਲੋਂ ਅੱਜ ਮਾਮਲੇ ਦੀ ਸੁਣਵਾਈ ਲਈ ਨੋਟਿਸ ਜਾਰੀ ਕੀਤਾ ਗਿਆ ਹੈ।
ਵਕੀਲ ਹਰਪ੍ਰੀਤ ਸਿੰਘ ਹੋਰਾ ਨੇ ਕਿਹਾ ਕਿ ਜਿਸ ਤਰ੍ਹਾਂ ਅਸੀ ਦੋਸ਼ੀਆਂ ਨੂੰ ਸਜ਼ਾ ਦਿਵਾਈ ਹੈ ਉਸੇ ਤਰੀਕੇ ਇਸ ਨੂੰ ਜ਼ਮਾਨਤ ਨਾ ਮਿਲ ਸਕੇ, ਇਸ ਲਈ ਪੂਰੀ ਕੋਸ਼ਿਸ਼ ਕਰਾਂਗੇ ਤੇ ਬਾਕੀ ਬਾਹਰ ਘੁੰਮ ਰਹੇ ਦੋਸ਼ੀਆਂ ਨੂੰ ਵੀ ਜਲਦ ਜੇਲ ਭੇਜਣ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿਆਂਗੇ।