
ਸ਼ਹੀਦ ਅਵਤਾਰ ਸਿੰਘ ਰੂਪੋਵਾਲੀ ਦੀ ਬੇਟੀ ਅਵਜੋਤ ਕੌਰ ਅਤੇ ਪਤਨੀ ਕਮਲਜੀਤ ਕੌਰ ਵਾਸੀ ਰੂਪੋਵਾਲ
ਅੰਮਿ੍ਰਤਸਰ, 22 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼ਹੀਦ ਅਵਤਾਰ ਸਿੰਘ ਰੂਪੋਵਾਲੀ ਦੀ ਬੇਟੀ ਅਵਜੋਤ ਕੌਰ ਅਤੇ ਪਤਨੀ ਕਮਲਜੀਤ ਕੌਰ ਵਾਸੀ ਰੂਪੋਵਾਲ ਥਾਣਾ ਫ਼ਤਿਹਗੜ੍ਹ ਚੂੜੀਆਂ ਦੀ ਛੱਲੀਆਂ ਵਾਂਗ ਕੁੱਟਮਾਰ ਕਰ ਕੇ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਖ਼ਮੀ ਮਾਂ-ਧੀ ਨੂੰ ਗੁਰੂ ਨਾਨਕ ਹਸਪਤਾਲ ਅੰਮਿ੍ਰਤਸਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
File Photo
ਹਸਪਤਾਲ ਵਿਚ ਗੱਲਬਾਤ ਕਰਦਿਆਂ ਕਮਲਜੀਤ ਕੌਰ ਨੇ ਦਸਿਆ ਕਿ ਬੇਟੀ ਦੀ ਜ਼ਮੀਨ ਢਾਈ ਕਿਲੇ ਹੜੱਪਣ ਦੇ ਮਕਸਦ ਨਾਲ ਇਕ ਕਾਰਾ ਕੀਤਾ ਗਿਆ ਹੈ, ਜਿਸ ਦੀ ਰੀਪੋਰਟ ਉਕਤ ਥਾਣੇ ਦਰਜ ਕਰਵਾਈ ਗਈ ਹੈ। ਕਮਲਜੀਤ ਕੌਰ ਦੋਸ਼ ਲਾਇਆ ਕਿ ਬੇਟੀ ਦੇ ਦਾਦੇ ਵੀਰ ਸਿੰਘ, ਚਾਚੇ ਗੁਰਮੇਜ ਸਿੰਘ ਉਸ ਦੇ ਮੁੰਡਿਆਂ ਗੁਰਜੰਟ ਸਿੰਘ, ਮਨਦੀਪ ਸਿੰਘ, ਬਚਿੱਤਰ ਸਿੰਘ ਚਾਚੇ ਜਗਤਾਰ ਸਿੰਘ ਆਦਿ ਵਲੋਂ ਰਾੜਾਂ, ਮੁੱਕੀਆਂ ਅਤੇ ਡੰਡੇ ਨਾਲ ਕੁੱਟਮਾਰ ਕੀਤੀ, ਜਿਸ ਨਾਲ ਉਹ ਲਹੂ ਲੁਹਾਣ ਹੋ ਗਈਆਂ। ਕਮਲਜੀਤ ਕੌਰ ਨੇ ਦਸਿਆ ਕਿ ਮੇਰਾ ਪਤੀ ਸ਼ਹੀਦ ਅਵਤਾਰ ਸਿੰਘ ਸੰਨ 1987 ’ਚ ਮਹਿਤਾ ਲਾਗੇ ਇਕ ਪੁਲਿਸ ਮੁਕਾਬਲੇ ’ਚ ਮਾਰਿਆ ਗਿਆ ਸੀ।
File Photo
ਇਸ ਘਟਨਾ ਬਾਅਦ ਉਸ ਨੇ ਬੜੇ ਤੰਗ ਹਲਾਤਾਂ ’ਚ ਅਪਣੇ ਪੇਕੇ ਘਰ ਰਹਿ ਕੇ ਬੱਚੇ ਪੜ੍ਹਾਏ ਅਤੇ ਉਕਤ ਬੇਟੀ ਨੂੰ ਬੀ.ਸੀ. ਏ. ਕਰਵਾਈ ਅਤੇ ਉਸ ਦਾ ਵਿਆਹ ਵੀ ਕੀਤਾ ਪਰ ਉਸ ਦੇ ਸਹੁਰੇ ਵੀ ਲਾਲਚੀ ਨਿਕਲੇ, ਉਨ੍ਹਾਂ ਦੀ ਅੱਖ ਵੀ ਜ਼ਮੀਨ ’ਤੇ ਸੀ। ਉਪਰੋਕਤ ਮਾਂ-ਧੀ ਨੇ ਕੈਪਟਨ ਸਰਕਾਰ, ਡੀ.ਜੀ.ਪੀ. ਪੰਜਾਬ ਅਤੇ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਘਟਨਾ ਦੀ ਜਾਂਚ ਕਰੇ ਅਤੇ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ