
ਨਵਜੋਤ ਸਿੱਧੂ ਸਾਰਾ ਦਿਨ ਕਾਂਗਰਸੀਆਂ ਤੇ ਵਿਧਾਇਕਾਂ ਨੂੰ ਘਰ-ਘਰ ਜਾ ਕੇ ਮਿਲੇ
ਅੰਮਿ੍ਤਸਰ, 22 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਸਾਰਾ ਦਿਨ ਕਾਂਗਰਸੀ ਵਿਧਾਇਕਾਂ, ਵੱਖ ਵੱਖ ਅਹੁਦੇਦਾਰਾਂ ਨੂੰ ਘਰੋਂ ਘਰ ਜਾ ਕੇ ਮਿਲਦੇ ਰਹੇ | ਇਸ ਮੌਕੇ ਉਨ੍ਹਾਂ ਪਾਰਟੀ ਵਿਧਾਇਕਾਂ ਤੇ ਸਥਾਨਕ ਲੀਡਰਸ਼ਿਪ ਨਾਲ ਦਲ ਦੇ ਤਾਜਪੋਸ਼ੀ ਸਮਾਗਮਾਂ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ, ਜਿਥੇ ਕਾਂਗਰਸੀ ਹਾਈ ਕਮਾਂਡ ਵੀ ਪੁੱਜ ਰਹੀ ਹੈ |
ਨਵਜੋਤ ਸਿੰਘ ਸਿੱਧੂ ਨੇ ਹਲਕਾ ਦਖਣੀ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਹਲਕਾ ਖੇਮਕਰਨ ਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ, ਡਾ. ਰਾਜ ਕੁਮਾਰ ਵੇਰਕਾ ਨਾਲ ਮੁਲਾਕਾਤ ਕਰਨ ਉਪਰੰਤ ਉਹ ਕਾਰਜਕਾਰੀ ਪ੍ਰਧਾਨ ਬਣੇ ਸੁੁਖਵਿੰਦਰ ਸਿੰਘ ਡੈਨੀ ਬੰਡਾਲਾ ਦੇ ਘਰ ਗਏ ਤੇ ਵੱਖ ਵੱਖ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਸਿੱਧੂ ਦਾ ਸ਼ਾਨਦਾਰ ਸਵਾਗਤ ਕਰਨ ਉਪਰੰਤ ਕਿਹਾ ਕਿ ਨਵੇਂ ਪ੍ਰਧਾਨ ਨੇ ਨੌਜੁਆਨਾਂ ਤੇ ਪਾਰਟੀ ਵਰਕਰਾਂ ਵਿਚ ਜੋਸ਼ ਭਰ ਦਿਤਾ ਹੈ | ਉਨ੍ਹਾਂ ਵਿਚ ਉੂਰਜਾ ਆਈ ਹੈ | ਹੁਣ ਪਾਰਟੀ ਚੜ੍ਹਦੀ ਕਲਾ ਵਿਚ ਹੈ ਜੋ 2022 ਦੀਆਂ ਚੋਣਾਂ ਜਿੱਤ ਕੇ ਮੁੜ ਸਰਕਾਰ ਬਣਾਵੇਗੀ | ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪਿੰਡਾਂ, ਸ਼ਹਿਰਾਂ ਵਿਚੋਂ ਕਾਂਗਰਸ ਵਰਕਰ ਤੇ ਆਮ ਲੋਕ ਵੱਡੀ ਗਿਣਤੀ ਵਿਚ ਤਾਜਪੋਸ਼ੀ ਸਮਾਗਮ ਵਿਚ ਪਹੁੰਚਣਗੇ | ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 100 ਫ਼ੀ ਸਦੀ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿਚ ਪਹੁੰਚਣਗੇ | ਬੁਲਾਰੀਆ ਨੇ ਸਪੱਸ਼ਟ ਕੀਤਾ ਕਿ ਕੈਪਟਨ ਕਾਂਗਰਸ ਦਾ ਸਰੀਰ ਅਤੇ ਸਿੱਧੂ ਆਤਮਾ ਹਨ | ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ,ਯੂਥ ਨੇਤਾ ਜਸਵਿੰਦਰ ਸਿੰਘ ਸ਼ੇਰਗਿੱਲ ਤੇ ਹੋਰ ਮੌਜੂਦ ਸਨ | ਨਵਜੋਤ ਸਿੰਘ ਸਿੱਧੂ ਜ਼ਿਲ੍ਹਾ ਕਾਂਗਰਸ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਦੇ ਘਰ ਗਏ, ਜਿਥੇ ਉਨ੍ਹਾਂ ਦੁਆਰਾ ਸ਼ਾਨਦਾਰ ਸਵਾਗਤ ਕੀਤਾ ਗਿਆ |
ਸਿੱਧੂ ਨੇ ਹੁਣ ਤਕ ਦੀ ਰਾਜਸੀ ਸਥਿਤੀ ਜਥੇਬੰਦਕ ਢਾਂਚੇ ਬਾਰੇ ਜਾਣਕਾਰੀ ਹਾਸਲ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਮਜ਼ਬੂਤ ਬਣਾਇਆ ਜਾਵੇਗਾ | ਰਾਤੀ ਦੇਰ ਰਾਤ ਹਲਕਾ ਮਜੀਠਾ ਦੇ ਇੰਚਰਾਜ ਜਗਵਿੰਦਰ ਸਿੰਘ ਜੱਗਾ ਮਜੀਠੀਆ ਨਾਲ ਵੀ ਮੁਲਾਕਾਤ ਕੀਤੀ ਗਈ, ਜਿਥੇ ਉਥੇ ਵੀ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਬਾਅਦ ਵਿਚ ਸੁਖਪਾਲ ਸਿੰਘ ਭੁੱਲਰ ਹਲਕਾ ਖੇਮਕਰਨ ਦੇ ਘਰ ਪੁੱਜੇ ਜਿਥੇ ਉਨ੍ਹਾਂ ਸਰਹੱਦੀ ਖੇਤਰ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ |