
ਸੋਨੇ ਤੇ ਚਾਂਦੀ ਦੀਆਂ ਕੀਮਤਾਂ ਫਿਰ ਚੜ੍ਹੀਆਂ
ਨਵੀਂ ਦਿੱਲੀ, 22 ਜੁਲਾਈ : ਸੋਨੇ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਜਾਰੀ ਹੈ। ਰਾਸ਼ਟਰੀ ਰਾਜਧਾਨੀ ’ਚ ਸ਼ੁੱਕਰਵਾਰ ਨੂੰ ਸੋਨਾ 594 ਰੁਪਏ ਚੜ੍ਹ ਕੇ 50,341 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ, ਜੋ ਅੰਤਰਰਾਸ਼ਟਰੀ ਪੱਧਰ ’ਤੇ ਕੀਮਤੀ ਧਾਤੂ ਦੀਆਂ ਕੀਮਤਾਂ ’ਚ ਵਾਧੇ ਨੂੰ ਦਰਸਾਉਂਦਾ ਹੈ। ਪਿਛਲੇ ਕਾਰੋਬਾਰ ’ਚ ਸੋਨਾ 49,747 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ।
ਇਸ ਦੇ ਨਾਲ ਹੀ ਚਾਂਦੀ ਵੀ 998 ਰੁਪਏ ਚੜ੍ਹ ਕੇ 55,164 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ ਜੋ ਪਿਛਲੇ ਕਾਰੋਬਾਰ ’ਚ 54,166 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਐਚਡੀਐਫ਼ਸੀ ਸਕਿਉਰਿਟੀਜ਼ ਦੇ ਰਿਸਰਚ ਐਨਾਲਿਸਟ ਦਿਲੀਪ ਪਰਮਾਰ ਨੇ ਕਿਹਾ ਕਿ ਦਿੱਲੀ ’ਚ 24 ਕੈਰਟ ਸੋਨੇ ਦੀ ਸਪਾਟ ਕੀਮਤ 594 ਰੁਪਏ ਪ੍ਰਤੀ 10 ਗ੍ਰਾਮ ਵਧੀ ਹੈ। ਕੌਮਾਂਤਰੀ ਬਾਜ਼ਾਰ ’ਚ ਸੋਨਾ 1,718 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ ਜਦਕਿ ਚਾਂਦੀ 18.81 ਡਾਲਰ ਪ੍ਰਤੀ ਔਂਸ ’ਤੇ ਸਥਿਰ ਰਹੀ।
ਵਾਇਦਾ ਕਾਰੋਬਾਰ ’ਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 56 ਰੁਪਏ ਵਧ ਕੇ 50,431 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਈ ਕਿਉਂਕਿ ਸੱਟੇਬਾਜ਼ਾਂ ਨੇ ਮਜ਼ਬੂਤ ਸਪਾਟ ਮੰਗ ’ਤੇ ਨਵੀਂ ਸਥਿਤੀ ਬਣਾਈ ਹੈ। ਮਲਟੀ ਕਮੋਡਿਟੀ ਐਕਸਚੇਂਜ ’ਤੇ, ਅਗਸਤ ਵਿਚ ਡਿਲੀਵਰੀ ਲਈ ਸੋਨਾ 56 ਰੁਪਏ ਜਾਂ 0.11 ਫ਼ੀ ਸਦੀ ਦੇ ਵਾਧੇ ਨਾਲ 50,431 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਸੀ, ਜਿਸ ਵਿਚ 4,969 ਲਾਟ ਲਈ ਕਾਰੋਬਾਰ ਹੋਇਆ। ਵਿਸ਼ਲੇਸ਼ਕਾਂ ਨੇ ਕਿਹਾ ਕਿ ਹਿੱਸੇਦਾਰਾਂ ਦੀ ਤਾਜ਼ਾ ਸਥਿਤੀ ਨੇ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਕੀਤਾ।
ਵਿਸ਼ਵ ਪੱਧਰ ’ਤੇ ਨਿਊਯਾਰਕ ’ਚ ਸੋਨਾ 0.03 ਫ਼ੀ ਸਦੀ ਵਧ ਕੇ 1,731.90 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ। ਸ਼ੁੱਕਰਵਾਰ ਨੂੰ ਚਾਂਦੀ ਵਾਇਦਾ 151 ਰੁਪਏ ਡਿੱਗ ਕੇ 55,260 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ। (ਏਜੰਸੀ)