
ਲੋਕਾਂ ਨੇ ਮਸਾਂ ਬਾਹਰ ਕੱਢੇ ਮਲਬੇ ਹੇਠਾਂ ਦੱਬੇ ਲੋਕ
ਗੁਰਦਾਸਪੁਰ: ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋਕੇ ਟਾਹਲੀ ਸਾਹਿਬ ਵਿਚ ਇਕ ਘਰ ਦੀ ਕੰਧ ਡਿੱਗ ਗਈ। ਹਾਦਸੇ 'ਚ ਪਰਿਵਾਰ ਦੇ 4 ਮੈਂਬਰ ਜ਼ਖ਼ਮੀ ਹੋ ਗਏ। 2 ਜ਼ਖ਼ਮੀਆਂ ਨੂੰ ਕਲਾਨੌਰ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ 2 ਗੰਭੀਰ ਜ਼ਖ਼ਮੀਆਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਘਟਨਾ ਸਵੇਰੇ ਕਰੀਬ 5.45 ਵਜੇ ਵਾਪਰੀ। ਪਰਿਵਾਰ ਘਰ 'ਚ ਸੌਂ ਰਿਹਾ ਸੀ ਕਿ ਅਚਾਨਕ ਕੰਧ ਟੁੱਟ ਕੇ ਉਨ੍ਹਾਂ 'ਤੇ ਡਿੱਗ ਗਈ। ਗੱਲਬਾਤ ਕਰਦਿਆਂ ਜ਼ਖਮੀ ਹੋਈ ਨੰਦਿਨੀ ਨੇ ਦਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਪਰਿਵਾਰ ਸਮੇਤ ਘਰ 'ਚ ਸੌਂ ਰਹੀ ਸੀ। ਸਵੇਰੇ ਕਰੀਬ 5.45 ਵਜੇ ਅਚਾਨਕ ਘਰ ਦੀ ਕੰਧ ਟੁੱਟ ਗਈ। ਪਰਿਵਾਰ ਮਲਬੇ ਹੇਠ ਦੱਬ ਗਿਆ।
ਨੰਦਿਨੀ ਅਨੁਸਾਰ ਰੌਲਾ ਸੁਣ ਕੇ ਲੋਕ ਦੌੜੇ ਆ ਗਏ ਅਤੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ। ਹਾਦਸੇ ਵਿਚ ਉਹ, ਉਸ ਦਾ ਪਿਤਾ ਨਿਸ਼ਾਨ ਮਸੀਹ, ਭੈਣ ਸੋਫੀਆ ਅਤੇ ਮਾਂ ਕੋਮਲ ਜ਼ਖ਼ਮੀ ਹੋ ਗਏ। ਲੋਕਾਂ ਨੇ ਸਾਰਿਆਂ ਨੂੰ ਇਲਾਜ ਲਈ ਕਲਾਨੌਰ ਦੇ ਸਿਵਲ ਹਸਪਤਾਲ ਪਹੁੰਚਾਇਆ।
ਨੰਦਿਨੀ ਅਤੇ ਉਸ ਦੀ ਮਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਗੁਰਦਾਸਪੁਰ ਰੈਫਰ ਕਰ ਦਿਤਾ ਗਿਆ। ਨੰਦਿਨੀ ਨੇ ਦਸਿਆ ਕਿ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਆਲੇ-ਦੁਆਲੇ ਦੇ ਖੇਤ ਪਾਣੀ ਨਾਲ ਭਰ ਗਏ ਹਨ। ਖੇਤਾਂ ਵਿਚ ਭਰਿਆ ਪਾਣੀ ਘਰਾਂ ਦੀ ਨੀਂਹ ਵਿਚ ਜਾ ਰਿਹਾ ਹੈ, ਜਿਸ ਕਾਰਨ ਨੀਂਹ ਕਮਜ਼ੋਰ ਹੋ ਗਈ ਹੈ। ਇਸ ਕਾਰਨ ਐਤਵਾਰ ਨੂੰ ਕੰਧ ਡਿੱਗ ਗਈ।
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ। ਦੂਜੇ ਪਾਸੇ ਸਿਵਲ ਹਸਪਤਾਲ ਗੁਰਦਾਸਪੁਰ ਦੇ ਡਾਕਟਰਾਂ ਨੇ ਦਸਿਆ ਕਿ ਨੰਦਨੀ ਦੀਆਂ ਦੋਵੇਂ ਲੱਤਾਂ 'ਤੇ ਸੱਟਾਂ ਲੱਗੀਆਂ ਹਨ, ਜਦਕਿ ਕੋਮਲ ਦੀ ਲੱਤ ਅਤੇ ਕਮਰ 'ਤੇ ਵੀ ਡੂੰਘੀਆਂ ਸੱਟਾਂ ਲੱਗੀਆਂ ਹਨ। ਹਾਲਾਂਕਿ ਦੋਵਾਂ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ।