
ਬਿਨ੍ਹਾਂ ਟੈਂਡਰ ਕੀਤੇ ਫਿਰ PTC ਨੂੰ ਦਿੱਤਾ ਕੰਟਰੋਲ
ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਤੋਂ ਹੋਣ ਵਾਲੇ ਗੁਰਬਾਣੀ ਪ੍ਰਸਾਰਣ ਦਾ ਮੁੱਦਾ ਲਗਾਤਾਰ ਭਖਿਆ ਹੋਇਆ ਹੈ। ਹਾਲਾਂਕਿ ਸ਼੍ਰੋਮਣੀ ਕਮੇਟੀ ਵੱਲੋਂ ਸੈਟੇਲਾਈਟ ਚੈਨਲ ਉੱਤੇ ਹੋਣ ਵਾਲੇ ਪ੍ਰਸਾਰਨ ਦੇ ਸਾਰੇ ਅਧਿਕਾਰ ਪੀਟੀਸੀ ਚੈਨਲ ਨੂੰ ਹੀ ਦਿੱਤੇ ਹੋਏ ਹਨ ਪਰ ਹੁਣ ਗੁਰਬਾਣੀ ਪ੍ਰਸਾਰਣ ਲਈ ਯੂਟਿਊਬ ਤੇ ਫੇਸਬੁੱਕ ਚੈਨਲ ਦਾ ਲਿੰਕ ਵੀ ਪੀਟੀਸੀ ਵੱਲੋਂ ਹੀ ਦਿੱਤਾ ਜਾਵੇਗਾ। ਦੇਖਿਆ ਜਾਵੇ ਤਾਂ ਇਕ ਹਿਸਾਬ ਨਾਲ ਅਜੇ ਵੀ ਗੁਰਬਾਣੀ ਪ੍ਰਸਾਰਣ ਲਈ ਸਾਰਾ ਪ੍ਰਬੰਧ ਪੀਟੀਸੀ ਦੇ ਹੱਥ ਹੀ ਹੈ।
ਇਸ ਗੱਲ ਦਾ ਖ਼ੁਲਾਸਾ ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਕੀਤਾ ਗਿਆ ਹੈ। ਉਹਨਾਂ ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿਚ ਉਹਨਾਂ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਲਾਈਵ ਪ੍ਰਸਾਰਨ ਲਈ ਸੈਟਅੱਪ ਤਿਆਰ ਕੀਤਾ ਜਾਣਾ ਹੈ ਜਿਸ 'ਤੇ ਤਕਰੀਬਨ 12 ਲੱਖ ਦਾ ਖ਼ਰਚਾ ਆਉਣਾ ਸੀ ਉਸ ਦੀਆਂ ਸੇਵਾਵਾਂ ਪਹਿਲਾਂ ਵਾਂਗ ਪੀਟੀਸੀ ਨੇ ਦੇਣ ਦਾ ਫ਼ੈਸਲਾ ਲਿਆ ਹੈ।
ਇਸ ਮੌਕੇ ਉਨ੍ਹਾਂ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਦੇ ਲਾਈਵ ਪ੍ਰਸਾਰਨ ਨੂੰ ਲੋਕ ਵੱਧ ਤੋਂ ਵੱਧ ਦੇਖਣ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਲਿਆਂਦੇ ਜਾ ਰਹੇ ਸੈਟੇਲਾਈਟ ਚੈਨਲ ਲਈ ਵੀ ਪੂਰੀਆਂ ਤਿਆਰੀਆਂ ਚੱਲ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਪੀਟੀਸੀ ਦੇ ਐੱਮਡੀ ਨੇ ਅੱਜ ਖੁਦ ਆ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮੰਗ ਪੱਤਰ ਸੌਂਪਿਆ ਹੈ।
ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ 23 ਜੁਲਾਈ 2023 ਵਾਲਾ ਦਿਨ ਇਤਿਹਾਸਕ ਬਣ ਗਿਆ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਬਾਣੀ ਦੇ ਲਾਈਵ ਪ੍ਰਸਾਰਨ ਲਈ ਚੈਨਲ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੈਟੇਲਾਈਟ ਚੈਨਲ ਉੱਤੇ ਗੁਰਬਾਣੀ ਦਾ ਪ੍ਰਸਾਰਨ ਪੀਟੀਸੀ ਉੱਤੇ ਚਾਲੂ ਰੱਖਣ ਦੀ ਬੇਨਤੀ ਕਮੇਟੀ ਵੱਲੋਂ ਕੀਤੀ ਗਈ ਸੀ ਜੋ ਕਿ ਚੈਨਲ ਨੇ ਸਵੀਕਾਰ ਕਰ ਲਈ ਹੈ।