
ਸਹੁਰੇ ਪ੍ਰਵਾਰ 'ਤੇ ਲੱਗੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ
ਰਾਏਕੋਟ : ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਨੇੜਲੇ ਪਿੰਡ ਮੁਹੱਲਾ ਗੁਰੂ ਨਾਨਕਪੁਰਾ ਵਿਚ ਨਵ-ਵਿਆਹੁਤਾ ਨੇ ਖ਼ੁਦਕੁਸ਼ੀ ਕਰ ਲਈ ਹੈ। ਉਹ ਘਰ ਵਿਚ ਹੀ ਫਾਹੇ ਨਾਲ ਲਟਕਦੀ ਮਿਲੀ। ਔਰਤ ਦੇ ਪੇਕੇ ਪ੍ਰਵਾਰ ਨੇ ਸਹੁਰੇ ਵਾਲਿਆਂ 'ਤੇ ਉਸ ਦਾ ਕਤਲ ਕਰਨ ਦਾ ਇਲਜ਼ਾਮ ਲਗਾਇਆ ਹੈ। ਮਾਪਿਆਂ ਦਾ ਕਹਿਣਾ ਹੈ ਕਿ ਸਹੁਰੇ ਵਾਲੇ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦੇ ਸਨ।
ਮ੍ਰਿਤਕ ਲੜਕੀ ਦੀ ਪਛਾਣ ਸੁਖਦੀਪ ਕੌਰ ਵਜੋਂ ਹੋਈ ਹੈ। ਸੁਖਦੀਪ ਦੇ ਭਰਾ ਕਰਨਵੀਰ ਸਿੰਘ ਨੇ ਦਸਿਆ ਕਿ ਉਸ ਦੀ ਭੈਣ ਦਾ ਵਿਆਹ 4 ਦਸੰਬਰ 2022 ਨੂੰ ਹਰਪਾਲ ਸਿੰਘ ਨਾਲ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਸਹੁਰੇ ਪ੍ਰਵਾਰ ਨੇ ਸੁਖਦੀਪ ਨੂੰ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿਤਾ।
ਇਹ ਵੀ ਪੜ੍ਹੋ: 'ਚਿੱਟੇ' ਨੇ ਲਈ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਜਾਨ
ਕਰਨਵੀਰ ਅਨੁਸਾਰ ਉਸ ਦੀ ਭੈਣ ਦੇ ਸਹੁਰੇ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਗ ਪ੍ਰੇਸ਼ਾਨ ਕਰਦੇ ਸਨ। ਸ਼ਨੀਵਾਰ ਸਵੇਰੇ ਕਰੀਬ 7 ਵਜੇ ਸੁਖਦੀਪ ਕੌਰ ਨੇ ਉਸ ਨੂੰ ਫੋਨ ਕੀਤਾ ਅਤੇ ਦਸਿਆ ਕਿ ਉਸ ਦੇ ਸਹੁਰੇ ਉਸ ਨੂੰ ਵਾਰ-ਵਾਰ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਕੁਝ ਸਮੇਂ ਬਾਅਦ ਸੁਖਦੀਪ ਦੇ ਸਹੁਰਿਆਂ ਤੋਂ ਫੋਨ ਆਇਆ ਕਿ ਉਨ੍ਹਾਂ ਦੀ ਲੜਕੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।
ਕਰਨਵੀਰ ਨੇ ਦਸਿਆ ਕਿ ਜਦੋਂ ਉਹ ਰਾਏਕੋਟ ਪਹੁੰਚਿਆ ਤਾਂ ਦੇਖਿਆ ਕਿ ਸੁਖਦੀਪ ਦੇ ਸਰੀਰ 'ਤੇ ਕੁੱਟਮਾਰ ਦੇ ਨਿਸ਼ਾਨ ਸਨ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਕਰਨਵੀਰ ਦੇ ਬਿਆਨ ਦਰਜ ਕੀਤੇ। ਥਾਣਾ ਸਿਟੀ ਰਾਏਕੋਟ ਦੇ ਐਸ.ਐਚ.ਓ ਦਲਵਿੰਦਰ ਸਿੰਘ ਨੇ ਦਸਿਆ ਕਿ ਪੋਸਟਮਾਰਟਮ ਰੀਪੋਰਟ ਮਿਲਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।