
ਮਰੀਜ਼ਾਂ ਨੇ ਪੁਲਿਸਕਰਮੀ ਤੇ ਨਰਸ 'ਤੇ ਕੀਤਾ ਹਮਲਾ
Sangrur News: ਸੰਗਰੂਰ ਦੇ ਪਿੰਡ ਘਾਬਦਾਂ ਵਿੱਚ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚੋਂ 8 ਮਰੀਜ਼ ਪੁਲਿਸ ਅਤੇ ਨਰਸ ਨਾਲ ਕੁੱਟਮਾਰ ਕਰ ਕੇ ਫਰਾਰ ਹੋ ਗਏ। ਪੁਲਿਸ ਮੁਲਾਜ਼ਮ ਮਲਕੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਪਹਿਲਾਂ ਵੀ ਕਈ ਮਰੀਜ਼ ਇਸ ਨਸ਼ਾ ਛੁਡਾਊ ਕੇਂਦਰ ਵਿਚੋਂ ਭੱਜ ਚੁੱਕੇ ਹਨ। ਇਸ ਕੇਂਦਰ ‘ਚ ਐਨਡੀਪੀਐਸ ਐਕਟ ਤੇ ਨਸ਼ਾ ਕਰਨ ਦੇ ਆਦੀ ਵਿਅਕਤੀ ਦਾਖ਼ਲ ਸਨ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਨਰਸ ਦੇ ਵੀ ਸਿਰ ਵਿੱਚ ਸੱਟ ਲੱਗੀ ਹੈ।
ਪੁਲਿਸ ਮੁਲਾਜ਼ਮ ਮਲਕੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਡਿਊਟੀ ਘਾਬਦਾਂ ਨਸ਼ਾ ਛੁਡਾਊ ਕੇਂਦਰ ਵਿਚ ਸੀ। ਉਸ ਸਮੇਂ ਖਾਣੇ ਦਾ ਟਾਈਮ ਹੋਇਆ ਸੀ ਅਤੇ ਨਰਸ ਦਵਾਈ ਦੇਣ ਲਈ ਮਰੀਜ਼ਾਂ ਕੋਲ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਨਰਸ ਨੂੰ ਧੱਕਾ ਮਾਰਿਆ ਅਤੇ ਉਸ ਨੂੰ ਸੱਟ ਲੱਗ ਗਈ। ਫਿਰ ਉਹ ਉਨ੍ਹਾਂ ਵੱਲ ਵਧੇ ਅਤੇ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਥੱਲੇ ਸੁੱਟ ਦਿੱਤਾ ਅਤੇ ਭੱਜ ਗਏ। ਇਸ ਦੌਰਾਨ ਇਨ੍ਹਾਂ ਕਈਆਂ ਨੇ ਭੱਜਣਾ ਸੀ ਪਰ ਕੇਂਦਰ ਵਾਲਿਆਂ ਨੇ ਮਾਮਲੇ ਨੂੰ ਸਾਂਭ ਲਿਆ। ਪਰ ਇਸ ਦੌਰਾਨ ਫਿਰ ਵੀ 8 ਮਰੀਜ਼ ਭੱਜ ਗਏ।
ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ। ਪੁਲਿਸ ਨੇ ਇਸ ਤੋਂ ਬਾਅਦ ਇਨ੍ਹਾਂ 8 ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਫਰਾਰ ਮਰੀਜ਼ਾਂ ਦੀ ਭਾਲ ਕਰ ਰਹੀ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।