
ਪੰਜਾਬ ਦੀ ਇਤਹਾਸਿਕ ਜਾਮਾ ਮਸਜਿਦ ਲੁਧਿਆਣਾ 'ਚ ਹਜਾਰਾਂ ਮੁਸਲਮਾਨਾਂ ਨੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਇਮਾਮਤ..............
ਲੁਧਿਆਣਾ : ਪੰਜਾਬ ਦੀ ਇਤਹਾਸਿਕ ਜਾਮਾ ਮਸਜਿਦ ਲੁਧਿਆਣਾ 'ਚ ਹਜਾਰਾਂ ਮੁਸਲਮਾਨਾਂ ਨੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਇਮਾਮਤ 'ਚ ਈਦ ਦੀ ਨਮਾਜ ਅਦਾ ਕੀਤੀ । ਇਸ ਮੌਕੇ 'ਤੇ ਜਾਮਾ ਮਸਜਿਦ ਵਿਖੇ ਈਦ ਮਿਲਨ ਦਾ ਰਾਜ ਪੱਧਰ ਸਮਾਗਮ ਵੀ ਆਯੋਜਿਤ ਕੀਤਾ ਗਿਆ ।ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਅੱਜ ਦਾ ਦਿਨ ਸਾਨੂੰ ਅੱਲ੍ਹਾ ਤਾਆਲਾ ਦੇ ਨਬੀ ਹਜਰਤ ਇਬਰਾਹੀਮ ਵੱਲੋਂ ਆਪਣੇ ਰੱਬ ਦਾ ਹੁਕਮ ਮੰਣਦੇ ਹੋਏ ਦਿੱਤੀ ਗਈ ਕੁਰਬਾਨੀ ਦੀ ਯਾਦ ਦੁਵਾਉਂਦਾ ਹੈ ।
ਸ਼ਾਹੀ ਇਮਾਮ ਨੇ ਕਿਹਾ ਕਿ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਭਾਰਤ ਦੀ ਅਜਾਦੀ ਦੀ ਲੜਾਈ ਸਮੇਂ ਜਾਲਮ ਅੰਗ੍ਰੇਜ ਸਰਕਾਰ ਦੇ ਖਿਲਾਫ ਸਾਰੀਆਂ ਕੌਮਾਂ ਦੇ ਨਾਲ-ਨਾਲ ਮੁਸਲਮਾਨਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਇਸ ਜਜਬੇ ਦੀ ਪ੍ਰੇਰਨਾ ਸੀ । ਉਨ੍ਹਾਂ ਨੇ ਕਿਹਾ ਕਿ ਅੱਜ ਵੀ ਭਾਰਤ ਦਾ ਮੁਸਲਮਾਨ ਦੇਸ਼ ਦੀ ਰੱਖਿਆ ਲਈ ਕੁਰਬਾਨ ਹੋਣ ਨੂੰ ਤਿਆਰ ਹੈ । ਸ਼ਾਹੀ ਇਮਾਮ ਨੇ ਕਿਹਾ ਕਿ ਦੇਸ਼ 'ਚ ਧਰਮ ਦੇ ਨਾਮ 'ਤੇ ਰਾਜਨੀਤੀ ਕਰਨ ਵਾਲੇ ਲੋਕ ਇਸ ਗੱਲ ਨੂੰ ਸਮਝ ਲੈਣ ਕਿ ਉਨ੍ਹਾਂ ਦੀ ਫਿਰਕਾਪ੍ਰਸਤੀ ਕਦੇ ਕਾਮਯਾਬ ਨਹੀਂ ਹੋ ਸਕਦੀ ਕਿਉਂਕਿ ਭਾਰਤ ਹਮੇਸ਼ਾ ਹੀ ਧਰਮ ਨਿਰਪੱਖ ਦੇਸ਼ ਰਿਹਾ ਹੈ ।
ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਸਮਾਂ ਹੈ ਕਿ ਕੇਰਲ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਸਾਰੇ ਦੇਸ਼ਵਾਸੀ ਅੱਗੇ ਆਉਣ। ਉਹਨਾਂ ਕਿਹਾ ਕਿ ਅੱਜ ਨਮਾਜੀਆਂ ਨੂੰ ਚਾਹੀਦਾ ਹੈ ਕਿ ਕੁਰਬਾਨੀ ਦੇਣ ਤੋਂ ਬਾਅਦ ਸੱਭ ਤੋਂ ਪਹਿਲਾ ਕੇਰਲ ਹੜ੍ਹ ਪੀੜਤਾਂ ਨੂੰ ਮਾਲੀ ਮਦਦ ਭੇਜਣ। ਇਸ ਮੌਕੇ ਪਹੁੰਚੇ ਵੱਖ- ਵੱਖ ਰਾਜਨੀਤੀਕ ਨੇ ਸੰਬੋਧਨ ਕਰਦਿਆ ਕਿਹਾ ਕਿ ਇਸ ਦੇਸ਼ 'ਚ ਈਦ ਉਲ ਜੁਹਾ ਦਾ ਤਿਉਹਾਰ ਸਾਰੇ ਧਰਮਾਂ ਦੇ ਲੋਕ ਮਿਲ-ਜੁਲ ਕੇ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇਸ ਧਰਤੀ 'ਤੇ ਅੱਜ ਲੱਖਾਂ ਮੁਸਲਮਾਨ ਖੁਦਾ ਦੇ ਅੱਗੇ ਸੱਜ਼ਦਾ ਕਰ ਰਹੇ ਹਨ ਇਹ ਸਾਡੇ ਲਈ ਮਾਣ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ਦੀ ਜਾਮਾ ਮਸਜਿਦ ਉਹ ਇਤਿਹਾਸਿਕ ਜਗ੍ਹਾ ਹੈ, ਜਿੱਥੋਂ ਅਜਾਦੀ ਲੜਾਈ 'ਚ ਅੰਗਰੇਜਾਂ ਦੇ ਖਿਲਾਫ ਫਤਵਾ ਜਾਰੀ ਕੀਤਾ ਗਿਆ ਸੀ । ਪੰਜਾਬ ਦੀ ਧਰਤੀ ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ । ਇੱਥੇ ਸਾਰੇ ਧਰਮਾਂ ਦੇ ਲੋਕ ਆਪਸ 'ਚ ਮਿਲਜੁਲ ਕੇ ਰਹਿੰਦੇ ਹਨ ਅਤੇ ਇੱਕ - ਦੂਜੇ ਦਾ ਤਿਉਹਾਰ ਆਪਸੀ ਭਾਈਚਾਰੇ ਦੇ ਰੂਪ 'ਚ ਮਨਾਉਂਦੇ ਹਨ । ਇਸ ਮੌਕੇ 'ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਮੁਸਲਮਾਨ ਈਮਾਨ ਦੇ ਜਜਬੇ ਦੇ ਨਾਲ ਹਰ ਸਮੇਂ ਦੇਸ਼ ਅਤੇ ਕੌਮ ਲਈ ਕੁਰਬਾਨੀਆਂ ਦਿੰਦੇ ਆ ਰਹੇ ਹਨ ਅਤੇ ਇਹ ਸਿਲਸਿਲਾ ਚੱਲਦਾ ਰਹੇਗਾ ।
ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਮੁਸਲਮਾਨ ਜਿੰਦਾ ਕੌਮ ਹੈ ਅਤੇ ਆਪਣੇ ਵਜੂਦ ਨੂੰ ਲੈ ਕੇ ਅੱਜ ਤੱਕ ਇਸਲਾਮ ਵਧਦਾ ਹੀ ਜਾ ਰਿਹਾ ਹੈ । ਇਸ ਰਾਜ ਪੱਧਰੀ ਸਮਾਗਮ 'ਚ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਸੰਜੇ ਤਲਵਾੜ, ਹੀਰਾ ਸਿੰਘ ਗਾਬੜ੍ਹੀਆ, ਐਮ.ਐਲ.ਏ ਰਾਕੇਸ਼ ਪਾਂਡੇ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ, ਐਮ.ਐਲ.ਏ ਪੁੱਤਰ ਅਤੇ ਕੋਂਸਲਰ ਹਰਕਰਨ ਸਿੰਘ ਵੈਦ, ਹਾਜ਼ਰ ਹੋਏ। ਅੱਜ ਈਦ ਉਲ ਜੁਹਾ ਦੇ ਮੌਕੇ 'ਤੇ ਲੁਧਿਆਣਾ ਸ਼ਹਿਰ 'ਚ ਤਿੰਨ ਦਰਜਨਾਂ ਤੋਂ ਵੱਧ ਸਥਾਨਾਂ 'ਤੇ ਈਦ ਦੀ ਨਮਾਜ ਅਦਾ ਕੀਤੀ ਗਈ ।