
ਦੱਖਣੀ ਏਸ਼ੀਆ ਖਾਸ ਕਰ ਕੇ ਭਾਰਤ ਤੇ ਪਾਕਿਸਤਾਨ ਦਰਮਿਆਨ ਅਮਨ ਤੇ ਸਦਭਾਵਨਾ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਹਿੰਦ-ਪਾਕਿ ਦੋਸਤੀ ਮੰਚ...............
ਜਲੰਧਰ : ਦੱਖਣੀ ਏਸ਼ੀਆ ਖਾਸ ਕਰ ਕੇ ਭਾਰਤ ਤੇ ਪਾਕਿਸਤਾਨ ਦਰਮਿਆਨ ਅਮਨ ਤੇ ਸਦਭਾਵਨਾ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰੀਸਰਚ ਅਕਾਦਮੀ ਅੰਮ੍ਰਿਤਸਰ, ਪਾਕਿਸਤਾਨ ਇੰਡੀਆ ਪੀਪਲਜ਼ ਫੋਰਮ ਫ਼ਾਰ ਪੀਸ ਐਂਡ ਡੈਮੋਕਰੇਸੀ ਤੇ ਪੰਜਾਬ ਜਾਗ੍ਰਿਤੀ ਮੰਚ ਜਲੰਧਰ ਦੇ ਆਗੂਆਂ ਨੇ ਇਥੇ ਇਕ ਸਾਂਝਾ ਪ੍ਰੈੱਸ ਬਿਆਨ ਜਾਰੀ ਕਰ ਕੇ ਕੁਝ ਧਿਰਾਂ ਵਲੋਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫ਼ੇਰੀ ਨੂੰ ਲੈ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਸਖ਼ਤ ਨਿਖੇਧੀ ਕੀਤੀ ਹੈ।
ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਿਰਕਤ ਕਰ ਕੇ ਕੁਝ ਵੀ ਗ਼ਲਤ ਨਹੀਂ ਕੀਤਾ। ਉਨ੍ਹਾਂ ਨੇ ਉਥੇ ਜਾ ਕੇ ਭਾਰਤੀਆਂ ਵਲੋਂ ਪਾਕਿਸਤਾਨ ਦੇ ਲੋਕਾਂ ਨੂੰ ਅਮਨ ਤੇ ਸਦਭਾਵਨਾ ਦਾ ਸੰਦੇਸ਼ ਦਿਤਾ ਹੈ। ਪਾਕਿਸਤਾਨ ਦੇ ਲੋਕਾਂ ਅਤੇ ਪਾਕਿਸਤਾਨ ਦੇ ਮੀਡੀਆ ਦੇ ਵੱਡੇ ਹਿੱਸੇ ਨੇ ਸਿੱਧੂ ਵਲੋਂ ਇਸ ਖਿੱਤੇ ਵਿਚ ਅਮਨ ਤੇ ਸਦਭਾਵਨਾ ਦੀ ਬਹਾਲੀ ਅਤੇ ਦੋਵਾਂ ਦੇਸ਼ਾਂ ਦਰਮਿਆਨ ਦੇ ਸਾਰੇ ਮਸਲਿਆਂ ਨੂੰ ਪੁਰਅਮਨ ਢੰਗ ਨਾਲ ਹੱਲ ਕਰਨ ਲਈ ਦਿਤੇ ਗਏ ਸੱਦੇ ਨੂੰ ਹਾਂ-ਪੱਖੀ ਢੰਗ ਨਾਲ ਲਿਆ ਹੈ ਅਤੇ ਭਰਪੂਰ ਹੁੰਗਾਰਾ ਭਰਿਆ ਹੈ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਜਿਥੋਂ ਤਕ ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨੀ ਫ਼ੌਜ ਦੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਉਕਤ ਸਮਾਗਮ ਵਿਚ ਗਲਵੱਕੜੀ ਪਾਉਣ ਦੀ ਗੱਲ ਹੈ, ਸਿੱਧੂ ਅਨੁਸਾਰ ਇਹ ਸੁਤੇਸਿਧ ਭਾਵੁਕ ਪ੍ਰਤੀਕਰਮ ਸੀ। ਜਦੋਂ ਜਨਰਲ ਬਾਜਵਾ ਸਿੱਧੂ ਕੋਲ ਆਏ ਅਤੇ ਉਨ੍ਹਾਂ ਨੇ ਆ ਕੇ ਇਹ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਭਾਰਤ ਦੇ ਸ਼ਰਧਾਲੂਆਂ ਲਈ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਲਾਂਘਾ ਦੇਣ ਸਬੰਧੀ ਵਿਚਾਰ ਕਰ ਰਹੀ ਹੈ
ਤਾਂ ਸਿੱਧੂ ਨੇ ਭਾਵੁਕ ਹੋ ਕੇ ਜਨਰਲ ਬਾਜਵਾ ਨੂੰ ਜੱਫ਼ੀ ਪਾ ਲਈ, ਕਿਉਂਕਿ ਸਿੱਧੂ ਇਕ ਸਿਆਸਤਦਾਨ ਹੋਣ ਦੇ ਨਾਲ-ਨਾਲ ਹੋਰ ਪੰਜਾਬੀਆਂ ਦੀ ਤਰ੍ਹਾਂ ਗੁਰੂ ਸਾਹਿਬਾਨ ਵਿਚ ਵੀ ਗਹਿਰੀ ਸ਼ਰਧਾ ਰੱਖਦੇ ਹਨ ਅਤੇ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਮੂਹ ਪੰਜਾਬੀ ਅਤੇ ਖਾਸ ਕਰਕੇ ਸਿੱਖ ਸੰਗਤਾਂ ਕਿੰਨੇ ਸਾਲਾਂ ਤੋਂ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦੀ ਮੰਗ ਕਰਦੀਆਂ ਆ ਰਹੀਆਂ ਹਨ ਤੇ ਸਾਲਾਂ ਤੋਂ ਸਵਰਗਵਾਸੀ ਅਕਾਲੀ ਆਗੂ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਿਚ ਡੇਰਾ ਬਾਬਾ ਨਾਨਕ ਵਿਖੇ ਇਸ ਮਕਸਦ ਲਈ ਅਰਦਾਸ ਕਰਨ ਵੀ ਜਾਂਦੀਆਂ ਰਹੀਆਂ ਹਨ।
ਇਨ੍ਹਾਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀਆਂ ਜਥੇਬੰਦੀਆਂ ਪਾਕਿਸਤਾਨ ਦੀ ਧਰਤੀ ਤੋਂ ਭਾਰਤ ਵਿਰੁਧ ਸੇਧਤ ਅਤਿਵਾਦ ਅਤੇ ਹਿੰਸਾ ਦਾ ਹਮੇਸ਼ਾ ਵਿਰੋਧ ਕਰਦੀਆਂ ਰਹੀਆਂ ਹਨ ਤੇ ਭਵਿੱਖ ਵਿਚ ਵੀ ਕਰਦੀਆਂ ਰਹਿਣਗੀਆਂ ਪਰ ਸਰਕਾਰਾਂ ਅਤੇ ਚੇਤੰਨ ਲੋਕਾਂ ਦੀ ਪੱਧਰ 'ਤੇ ਅਮਨ ਤੇ ਦੋਸਤੀ ਲਈ ਵੀ ਪਹਿਲਕਦਮੀ ਹੁੰਦੀ ਰਹਿਣੀ ਚਾਹੀਦੀ ਹੈ।
ਉਕਤ ਬਿਆਨ ਜਾਰੀ ਕਰਨ ਵਾਲਿਆਂ ਵਿਚ ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਕਾਰਜਕਾਰਨੀ ਦੇ ਮੈਂਬਰ ਡਾ. ਲਖਵਿੰਦਰ ਜੌਹਲ, ਫੋਕਲੋਰ ਰੀਸਰਚ ਅਕਾਦਮੀ ਦੇ ਚੇਅਰਮੈਨ ਰਾਮੇਸ਼ ਯਾਦਵ, ਹਰਜੀਤ ਸਿੰਘ ਸਰਕਾਰੀਆ, ਭਾਗਵੀ ਕੁਲਦੀਪ ਕੁਮਾਰ ਅਤੇ ਪਾਕਿਸਤਾਨ-ਇੰਡੀਆ ਪੀਪਲਜ਼ ਫ਼ੋਰਮ ਫ਼ਾਰ ਪੀਸ ਐਂਡ ਡੈਮੋਕਰੇਸੀ ਦੀ ਕਾਰਜਕਾਰਨੀ ਦੇ ਮੈਂਬਰ ਜਤਿਨ ਦੇਸਾਈ ਆਦਿ ਸ਼ਾਮਲ ਹਨ।