
ਪਾਕਿਸਤਾਨ ਨੇ ਪਹਿਲੀ ਵਾਰ ਮੰਨਿਆ ਕਿ ਕਰਾਚੀ 'ਚ ਹੈ ਦਾਊਦ ਇਬਰਾਹੀਮ
ਇਸਲਾਮਾਬਾਦ, 22 ਅਗੱਸਤ : ਅਤਿਵਾਦੀ ਫ਼ੰਡਿੰਗ ਦੀ ਨਿਗਰਾਨੀ ਰੱਖਣ ਵਾਲੀ ਸੰਸਥਾ ਫ਼ਾਈਨੈਂਸ਼ੀਅਲ ਐਕਸ਼ਨ ਟਾਸਕ ਫ਼ੋਰਸ (ਐਫ਼.ਏ.ਟੀ.ਐਫ਼.) ਦੀ ਕਾਰਵਾਈ ਤੋਂ ਡਰੇ ਪਾਕਿਸਤਾਨ ਨੇ ਅਖ਼ੀਰ ਮੰਨ ਲਿਆ ਹੈ ਕਿ ਖ਼ਤਰਨਾਕ ਅਤਿਵਾਦੀਆਂ ਹਾਫ਼ਿਜ਼ ਸਈਦ ਤੇ ਮਸੂਦ ਅਜ਼ਹਰ ਸਣੇ ਦਾਊਦ ਇਬਰਾਹੀਮ ਵੀ ਪਾਕਿਸਤਾਨ ਵਿਚ ਹੀ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ 88 ਪਾਬੰਦੀਸ਼ੁਦਾ ਅਤਿਵਾਦੀ ਸੰਗਠਨਾਂ ਤੇ ਹਾਫ਼ਿਜ਼ ਸਈਦ, ਮਸੂਦ ਅਜ਼ਹਰ ਤੇ ਦਾਊਦ ਇਬਰਾਹੀਮ ਸਣੇ ਸੰਗਠਨਾਂ ਦੇ ਆਕਾਵਾਂ 'ਤੇ ਹੋਰ ਸਖ਼ਤ ਪਾਬੰਦੀਆਂ ਲਗਾ ਦਿਤੀਆਂ ਹਨ। ਸੱਭ ਤੋਂ ਵੱਡੀ ਗੱਲ ਇਹ ਹੈ ਕਿ ਪਾਕਿਸਤਾਨ ਅੱਜ ਤਕ ਆਪਣੇ ਇਥੇ ਦਾਊਦ ਇਬਰਾਹੀਮ ਦੇ ਮੌਜੂਦ ਹੋਣ ਦੀ ਗੱਲ ਨੂੰ ਨਿਕਾਰਦਾ ਰਿਹਾ ਸੀ। ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਨੇ ਖੁਲ੍ਹੇ ਤੌਰ 'ਤੇ ਸਵੀਕਾਰ ਕੀਤਾ ਹੈ ਕਿ ਦਾਊਦ ਕਰਾਚੀ 'ਚ ਹੈ ਤੇ ਉਸ ਦੇ ਇਥੇ 3 ਘਰ ਹਨ। ਇੰਨਾ ਹੀ ਨਹੀਂ ਉਸ ਕੋਲ 14 ਦੇਸ਼ਾਂ ਦੇ ਪਾਸਪੋਰਟ ਵੀ ਹਨ। ਭਾਰਤ ਵਾਰ-ਵਾਰ ਕਹਿੰਦਾ ਰਿਹਾ ਹੈ ਕਿ 1993 ਦੇ ਮੁੰਬਈ ਬੰਬ ਧਮਾਕਿਆਂ ਦਾ ਦੋਸ਼ੀ ਦਾਊਦ ਪਾਕਿਸਤਾਨ ਵਿਚ ਹੀ ਲੁਕਿਆ ਹੈ ਪਰ ਪਾਕਿਸਤਾਨੀ ਸਰਕਾਰ ਇਸ ਤੋਂ ਇਨਕਾਰ ਕਰਦੀ ਰਹੀ ਸੀ।
ਜ਼ਿਕਰਯੋਗ ਹੈ ਕਿ ਅਤਿਵਾਦੀਆਂ ਨੂੰ ਪਾਲਣ ਕਾਰਨ ਫ਼ਾਈਨੈਂਸ਼ੀਅਲ ਐਕਸ਼ਨ ਟਾਸਕ ਫ਼ੋਰਸ ਦੀ ਬਲੈਕ ਲਿਸਟ ਵਿਚ ਜਾਣ ਦਾ ਖ਼ਤਰਾ ਝੱਲ ਰਹੇ ਪਾਕਿਸਤਾਨ ਨੇ ਅਤਿਵਾਦੀ ਸੰਗਠਨ ਆਈ.ਐਸ. ਆਈ.ਐਸ., ਅਲਕਾਇਦਾ, ਤਾਲਿਬਾਨ ਸਣੇ ਕਈ ਸੰਗਠਨਾਂ 'ਤੇ ਪਾਬੰਦੀਆਂ ਵਧਾਈਆਂ ਹਨ। ਇਹ ਫ਼ੈਸਲਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪ੍ਰਧਾਨਗੀ ਵਿਚ ਹੋਈ ਬੈਠਕ ਵਿਚ ਲਿਆ ਗਿਆ। ਐਫ਼.ਏ.ਟੀ.ਐਫ਼. ਦੀimage ਅਗਲੀ ਆਮ ਸਭਾ ਅਕਤੂਬਰ ਵਿਚ ਹੋਣੀ ਹੈ, ਜਿਸ ਵਿਚ ਗ੍ਰੇ ਲਿਸਟ ਵਿਚ ਪਏ ਪਾਕਿਸਤਾਨ ਦੇ ਭਵਿੱਖ 'ਤੇ ਵਿਚਾਰ ਹੋਵੇਗਾ। ਅੰਤਰ ਰਾਸ਼ਟਰੀ ਮਾਮਲਿਆਂ ਦੇ ਜਾਣਕਾਰ ਅਤਿਵਾਦ ਵਿਰੁਧ ਲੜਾਈ ਲੜ ਰਹੇ ਭਾਰਤ ਦੀ ਇਹ ਵੱਡੀ ਜਿੱਤ ਮੰਨ ਰਹੇ ਹਨ। (ਏਜੰਸੀ)