
ਭਾਰਤ ਪਹੁੰਚ ਕੇ ਭਾਵੁਕ ਹੋਏ ਅਫ਼ਗ਼ਾਨਿਸਤਾਨ ਦੇ ਸਿੱਖ ਸੰਸਦ ਮੈਂਬਰ
ਪਿਛਲੇ 20 ਸਾਲਾਂ 'ਚ ਜੋ ਕੱੁਝ ਬਣਾਇਆ ਸੀ, ਉਹ ਸੱਭ ਹੁਣ ਖ਼ਤਮ ਹੋ ਗਿਐ : ਨਰਿੰਦਰ ਸਿੰਘ ਖ਼ਾਲਸਾ
ਨਵੀਂ ਦਿੱਲੀ, 22 ਅਗੱਸਤ : ਅਫ਼ਗ਼ਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਉਥੇ ਫਸੇ ਭਾਰਤੀਆਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ | ਅੱਜ ਸਵੇਰੇ ਭਾਰਤੀ ਹਵਾਈ ਫ਼ੌਜ ਦਾ ਸੀ-17 ਜਹਾਜ਼ ਅਫ਼ਗ਼ਾਨਿਸਤਾਨ ਦੇ ਕਾਬੁਲ ਸ਼ਹਿਰ ਤੋਂ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ 'ਤੇ ਉਤਰਿਆ | ਜਹਾਜ਼ 'ਚ 168 ਲੋਕ ਸਵਾਰ ਸਨ, ਜਿਨ੍ਹਾਂ ਵਿਚ 107 ਭਾਰਤੀ ਨਾਗਰਿਕ ਹਨ | ਯਾਤਰੀਆਂ ਦਾ ਹਵਾਈ ਅੱਡੇ 'ਤੇ ਹੀ ਕੋਵਿਡ-19 ਟੈਸਟ ਕੀਤਾ ਗਿਆ |
ਅਪਣਾ ਘਰ ਛਡਣਾ ਕਿਸੇ ਲਈ ਕਿੰਨਾ ਮੁਸ਼ਕਲ ਹੁੰਦਾ ਹੈ, ਇਸ ਦਾ ਅੰਦਾਜ਼ਾ ਅਫ਼ਗ਼ਾਨਿਸਤਾਨ ਦੇ ਸਿੱਖ ਸੰਸਦ ਮੈਂਬਰ ਨਰਿੰਦਰ ਸਿੰਘ ਖ਼ਾਲਸਾ ਨੂੰ ਵੇਖ ਕੇ ਲਾਇਆ ਜਾ ਸਕਦਾ ਹੈ | ਨਰਿੰਦਰ ਸਿੰਘ ਖ਼ਾਲਸਾ ਉਨ੍ਹਾਂ 168 ਲੋਕਾਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਅਫ਼ਗ਼ਾਨਿਸਤਾਨ ਤੋਂ ਜਹਾਜ਼ ਜ਼ਰੀਏ ਸੁਰੱਖਿਅਤ ਦਿੱਲੀ ਲਿਆਂਦਾ ਗਿਆ ਹੈ | ਦਿੱਲੀ ਪਹੁੰਚਣ 'ਤੇ ਨਰਿੰਦਰ ਸਿੰਘ ਖ਼ਾਲਸਾ ਤੋਂ ਜਦੋਂ ਪੱਤਰਕਾਰਾਂ ਨੇ ਅਫ਼ਗ਼ਾਨਿਸਤਾਨ ਦੇ ਹਾਲਾਤ 'ਤੇ ਸਵਾਲ ਪੁਛੇ ਤਾਂ ਉਹ ਜਵਾਬ ਦੇਣ ਤੋਂ ਪਹਿਲਾਂ ਹੀ ਰੋ ਪਏ | ਉਨ੍ਹਾਂ ਕਿਹਾ ਕਿ ਉਹ ਲੋਕ ਅਫ਼ਗ਼ਾਨਿਸਤਾਨ ਵਿਚ ਪੀੜ੍ਹੀਆਂ ਤੋਂ ਰਹਿ ਰਹੇ ਸਨ ਪਰ ਅਜਿਹੇ ਹਾਲਾਤ ਕਦੇ ਵੇਖਣ ਨੂੰ ਨਹੀਂ ਮਿਲੇ ਸਨ, ਜਿਵੇਂ ਦੇ ਹਾਲਾਤ ਇਸ ਵਾਰ ਵੇਖਣ ਨੂੰ ਮਿਲ ਰਹੇ ਹਨ | ਨਰਿੰਦਰ ਨੇ ਰੋਂਦੇ ਹੋਏ ਕਿਹਾ ਕਿ ਪਿਛਲੇ 20 ਸਾਲਾਂ 'ਚ ਜੋ ਕੱੁਝ ਵੀ ਬਣਾਇਆ ਸੀ, ਉਹ ਸੱਭ ਹੁਣ ਖ਼ਤਮ ਹੋ ਗਿਆ ਹੈ | ਹੁਣ ਇਹ ਸਿਫ਼ਰ ਹੈ | ਅਫ਼ਗ਼ਾਨਿਸਤਾਨ ਤੋਂ ਸੁਰੱਖਿਅਤ ਕੱਢਣ ਲਈ ਨਰਿੰਦਰ ਸਿੰਘ ਖ਼ਾਲਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਹਵਾਈ ਫ਼ੌਜ ਦਾ ਧਨਵਾਦ ਕੀਤਾ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਬਹੁਤ ਬੁਰੇ ਮਾਹੌਲ ਵਿਚੋਂ ਬਾਹਰ ਕਢਿਆ ਹੈ | ਨਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕੱੁਝ ਲੋਕ ਅਜੇ ਫਸੇ ਹੋਏ ਹਨ, ਉਨ੍ਹਾਂ ਨੂੰ ਕੱਢਣ ਲਈ ਭਾਰਤ ਸਰਕਾਰ ਉਪਰਾਲਾ ਕਰੇ | (ਏਜੰਸੀ)