
ਹੁਣ ਤੱਕ ਕਿਸੇ ਨੇ ਵੀ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਸਬੰਧਤ ਅਤਿ ਸੰਜੀਦਾ ਮਸਲਿਆਂ ਨੂੰ ਹੱਲ ਕਰਨ ਦੀ ਪਹਿਲ ਨਹੀਂ ਕੀਤੀ
ਫ਼ਤਹਿਗੜ੍ਹ ਸਾਹਿਬ - ਭਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ 'ਤੇ ਆਉਣਗੇ ਤੇ ਉਹਨਾਂ ਦੇ ਇਸ ਦੌਰੇ ਨੂੰ ਲੈ ਕੇ ਐੱਮਪੀ ਸਿਮਰਨਜੀਤ ਮਾਨ ਨੇ ਇਕ ਪੱਤਰ ਜਾਰੀ ਕੀਤਾ ਹੈ। ਮਾਨ ਨੇ ਕਿਹਾ ਕਿ ਜੇ ਪੀਐੱਮ ਪੰਜਾਬ ਦੌਰੇ 'ਤੇ ਆ ਰਹੇ ਹਨ ਤਾਂ ਪੰਜਾਬ ਅਤੇ ਸਿੱਖ ਕੌਮ ਦੇ ਮਸਲਿਆਂ ਨੂੰ ਹੱਲ ਕਰਨ ਦੀ ਠਾਨ ਕੇ ਆਉਣ ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਰਨਲ ਚੋਣਾਂ ਦਾ ਐਲਾਨ ਕਰਨਾ, ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ, ਪਾਕਿਸਤਾਨ ਨਾਲ ਲੱਗਦੀ ਸਰਹੱਦ ਵਾਹਘਾ ਅਤੇ ਹੋਰ ਸਰਹੱਦਾਂ ਵਪਾਰ ਲਈ ਖੋਲ੍ਹਣ ਦਾ ਐਲਾਨ, ਕਿਸਾਨਾਂ ਦੀਆਂ ਜਿਨਸਾਂ ਦੀ M.S.P ਦਾ ਐਲਾਨ ਕਰਨ ਵਰਗੇ ਉੱਦਮ ਕਰ ਸਕਣ, ਤਦ ਹੀ ਇਸ ਦੌਰੇ ਦਾ ਪੰਜਾਬੀਆਂ, ਸਿੱਖ ਕੌਮ ਅਤੇ ਕਿਸਾਨਾਂ ਨੂੰ ਫਾਇਦਾ ਹੋ ਸਕੇਗਾ।
PM Modi
ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਹੁਣ ਤੱਕ ਦੇ ਇੰਡੀਆ ਦੇ ਰਹਿ ਚੁੱਕੇ ਵਜ਼ੀਰੇ ਆਜਮ 'ਚੋਂ ਕਿਸੇ ਨੇ ਵੀ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਸਬੰਧਤ ਅਤਿ ਸੰਜੀਦਾ ਮਸਲਿਆਂ ਨੂੰ ਹੱਲ ਕਰਨ ਦੀ ਨਾ ਤਾਂ ਪਹਿਲ ਕੀਤੀ ਹੈ ਅਤੇ ਨਾ ਹੀ ਕੋਈ ਦਿਲਚਸਪੀ ਦਿਖਾਈ ਹੈ। ਜਿਸ ਨਾਲ ਪੰਜਾਬੀਆਂ ਅਤੇ ਸਿੱਖ ਕੌਮ ਵਿਚ ਬੇਗਾਨਵੀ ਦੀ ਭਾਵਨਾ ਪੈਦਾ ਹੋਈ ਹੈ। ਜਿਸ ਦੇ ਨਤੀਜੇ ਮੁਲਕ ਅਤੇ ਪੰਜਾਬ ਸੂਬੇ ਦੀ ਅਮਨ ਸ਼ਾਂਤੀ ਅਤੇ ਜਮੂਰੀਅਤ ਲਈ ਕਦੇ ਵੀ ਲਾਹੇਵੰਦ ਸਾਬਤ ਨਹੀਂ ਹੋ ਸਕਣਗੇ। ਇਸ ਲਈ ਜਦੋਂ ਹੁਣ ਪੀਐੱਮ ਮੋਦੀ ਪੰਜਾਬ ਆ ਰਹੇ ਹਨ ਤਾਂ ਇਸ ਸਰਹੱਦੀ ਸੂਬੇ ਦੇ ਨਿਵਾਸੀਆਂ ਦੀ ਸੰਤੁਸ਼ਟੀ ਲਈ ਇਹ ਜ਼ਰੂਰੀ ਹੈ। ਇਸ ਸੂਬੇ ਨਾਲ ਸਬੰਧਿਤ ਉਪਰੋਕਤ ਸੰਜੀਦਾ ਮਸਲਿਆਂ ਨੂੰ ਹੱਲ ਕਰਨ ਲਈ ਭਾਵਨਾ ਅਤੇ ਸਮਰੱਥਾ ਸ਼ਕਤੀ ਨਾਲ ਆਉਣ ਅਤੇ ਉਪਰੋਕਤ ਚਾਰੇ ਮਸਲਿਆਂ ਨੂੰ ਹੱਲ ਕਰਨ ਵਿਚ ਮੁੱਖ ਭੂਮਿਕਾ ਨਿਭਾਉਣ।
Simranjit Singh Mann
ਉਹਨਾਂ ਕਿਹਾ ਕਿ ਪੰਜਾਬੀਆਂ ਅਤੇ ਸਿੱਖ ਕੌਮ ਵਿਚ ਬਹੁਤ ਵੱਡੀ ਬੇਚੈਨੀ ਪੈਦਾ ਹੋ ਚੁੱਕੀ ਹੈ ਉਸ ਨੂੰ ਦੂਰ ਕਰਨ ਦਾ ਇਸ ਸਮੇਂ ਇਕੋ-ਇਕ ਸਹੀ ਢੰਗ ਹੈ ਕਿ ਪੀਐੱਮ ਮੋਦੀ ਅਤੇ ਹੁਕਮਰਾਨਾ ਵੱਲੋਂ ਲੰਬੇ ਸਮੇਂ ਤੋਂ ਸਿੱਖ ਕੌਮ ਦੀ ਜਮੂਰੀਅਤ ਉਤੇ ਜੋ ਡਾਕਾ ਮਾਰਿਆ ਗਿਆ ਹੈ, ਉਸ ਨੂੰ ਵਿਧਾਨਕ ਲੀਹਾਂ ਅਨੁਸਾਰ ਤੁਰੰਤ ਚੋਣਾਂ ਦਾ ਐਲਾਨ ਕਰ ਕੇ ਬਹਾਲ ਕਰਨ, ਦੂਜਾ 25-25 ਸਾਲਾਂ ਤੋਂ ਜੇਲ੍ਹਾਂ ਵਿਚ ਸਜ਼ਾ ਪੂਰੀ ਕਰ ਚੁੱਕੇ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਨ ਦੇ ਹੁਕਮ ਕਰਕੇ ਉਨ੍ਹਾਂ ਨਾਲ ਵਿਧਾਨਕ ਲੀਹਾਂ ਅਨੁਸਾਰ ਇਨਸਾਫ਼ ਕਰਨ।
PM modi
ਨੌਜਵਾਨੀ ਵਿਚ ਉਠੇ ਵੱਡੇ ਰੋਹ ਨੂੰ ਸ਼ਾਂਤ ਕਰਨ, ਤੀਜਾ ਕਿਸਾਨਾਂ ਦੀਆਂ ਫਸਲਾਂ ਦੀਆਂ ਕੀਮਤਾਂ ਨੂੰ ਤੈਅ ਕਰਨ ਲਈ ਆਪਣੇ ਵੱਲੋਂ ਕਿਸਾਨ ਅੰਦੋਲਨ ਦੌਰਾਨ ਕੀਤੇ ਗਏ ਵਾਅਦੇ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕਰਨ, ਚੌਥਾ ਕਿਉਂਕਿ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਦੀ ਮਾਲੀ ਹਾਲਤ ਸੈਂਟਰ ਦੀਆਂ ਦਿਸ਼ਾ ਹੀਨ ਯੋਜਨਾਵਾਂ ਦੀ ਬਦੌਲਤ ਬਹੁਤ ਨਿਘਾਰ ਵੱਲ ਚਲੀ ਗਈ ਹੈ, ਇਸ ਨੂੰ ਠੀਕ ਕਰਨ ਲਈ ਇਹ ਜ਼ਰੂਰੀ ਹੈ ਕਿ ਸਰਹੱਦਾਂ ਨੂੰ ਤੁਰੰਤ ਕੌਮਾਂਤਰੀ ਵਪਾਰ ਲਈ ਖੋਲਿਆ ਜਾਵੇ, ਜਿਸ ਨਾਲ ਕਿਸਾਨ ਆਪਣੀਆਂ ਪੈਦਾਵਾਰ ਅਤੇ ਵਪਾਰੀ ਆਪਣੇ ਉਤਪਾਦ ਅਤੇ ਅਰਬ ਅਤੇ ਮੱਧ ਯੂਰਪ ਤੱਕ ਵੇਚਣ ਲਈ ਜਾ ਸਕਣਗੇ।
ਜਿਸ ਨਾਲ ਉਹਨਾਂ ਦੀ ਮਾਲੀ ਹਾਲਤ ਬੇਹਤਰ ਹੋਵੇਗੀ। ਪੰਜਾਬ ਸੂਬਾ ਆਰਥਿਕ ਤੌਰ 'ਤੇ ਮਜ਼ਬੂਤ ਹੋਵੇਗਾ। ਮਜ਼ਦੂਰ ਵਪਾਰੀ ਟਰਾਂਸਪੋਟਰ ਵਿਦਿਆਰਥੀ ਸਾਰੇ ਵਰਗ ਚੋਖੀ ਆਮਦਨ ਪ੍ਰਾਪਤ ਕਰਨਗੇ। ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਪੀਐੱਮ ਮੋਦੀ ਆਪਣੇ ਇਸ ਦੌਰੇ ਦੌਰਾਨ ਪੰਜਾਬੀਆਂ ਅਤੇ ਸਿੱਖ ਕੌਮ ਦੇ ਲੰਬੇ ਸਮੇਂ ਤੋਂ ਰੜਕਦੇ ਆ ਰਹੇ ਮਸਲਿਆਂ ਨੂੰ ਹੱਲ ਜ਼ਰੂਰ ਕਰਨਗੇ।