
ਸਿਸੋਦੀਆ ਨੂੰ ਭਾਰਤ ਰਤਨ ਦਿਤਾ ਜਾਣਾ ਚਾਹੀਦੈ ਪਰ ਕੇਂਦਰ ਕਰ ਰਿਹੈ ਪ੍ਰੇਸ਼ਾਨ : ਕੇਜਰੀਵਾਲ
ਅਹਿਮਦਾਬਾਦ/ਨਵੀਂ ਦਿੱਲੀ, 22 ਅਗੱਸਤ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਕੂਲਾਂ ਵਿਚ ਸਿਖਿਆ ਦੇ ਪੱਧਰ ਵਿਚ ਸੁਧਾਰ ਲਈ ਦੇਸ਼ ਚੋਟੀ ਦੇ ਸਨਮਾਨ, ਭਾਰਤ ਰਤਨ ਦੇ ਹਕਦਾਰ ਹਨ, ਪਰ ਇਸ ਦੇ ਬਜਾਏ ਕੇਂਦਰ ਉਨ੍ਹਾਂ ਨੂੰ ਪਰੇਸ਼ਾਨ ਕਰ ਰਿਹਾ ਹੈ | ਸਿਸੋਦੀਆ ਆਬਕਾਰੀ ਨੀਤੀ ਵਿਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਸੀਬੀਆਈ ਦੀ ਜਾਂਚ ਦੇ ਘੇਰੇ ਵਿਚ ਹਨ | ਗੁਜਰਾਤ ਦੌਰੇ 'ਤੇ ਆਏ ਕੇਜਰੀਵਾਲ ਨੇ ਕਿਹਾ, ''ਨੀਊਯਾਰਕ ਟਾਈਮਜ਼ ਨੇ ਸਾਡੇ ਸਿਖਿਆ ਮਾਡਲ ਦੀ ਸ਼ਲਾਘਾ ਕੀਤੀ ਹੈ |'' ਗੁਜਰਾਤ ਵਿਚ ਇਸ ਸਾਲ ਦੇ ਅੰਤ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ |
ਕੇਜਰੀਵਾਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਿਸੋਦੀਆ ਦੀ ਸ਼ਲਾਘਾ ਕਰਨ ਦੀ ਬਜਾਏ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ, ''ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਸੀਬੀਆਈ ਤੋਂ ਇਕ ਅਜਿਹੇ ਵਿਅਕਤੀ ਦੇ ਵਿਰੁਧ ਛਾਪਾ ਮਰਵਾਇਆ ਜਿਸ ਨੇ ਪੰਜ ਸਾਲ ਵਿਚ ਚਮਤਕਾਰ ਕਰ ਦਿਤਾ, ਉਸ ਨੇ ਉਹ ਕੀਤਾ ਜੋ ਮੌਜੂਦਾ ਰਾਜਨੀਤਕ ਪਾਰਟੀਆਂ 70 ਸਾਲਾਂ ਵਿਚ ਨਹੀਂ ਕਰ ਸਕੀਆਂ | ਉਨ੍ਹਾਂ ਸਰਕਾਰੀ ਸਕੂਲਾਂ ਨੂੰ ਸਰਬੋਤਮ ਬਣਾਇਆ | ਅਜਿਹੇ ਵਿਅਕਤੀ ਨੂੰ ਭਾਰਤ ਰਤਨ ਮਿਲਨਾ ਚਾਹੀਦਾ |'' ਉਨ੍ਹਾਂ ਨੇ ਇਹ ਵੀ ਖਦਸ਼ਾ ਜਤਾਇਆ ਕਿ ਸਿਸੋਦੀਆ ਨੂੰ ਜਲਦ ਹੀ ਗਿ੍ਫ਼ਤਾਰ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ, ''ਮਨੀਸ਼ ਸਿਸੋਦੀਆ ਨੂੰ ਗਿ੍ਫ਼ਤਾਰ ਕੀਤਾ ਜਾ ਸਕਦਾ ਹੈ, ਕੀ ਪਤਾ ਮੈਨੂੰ ਵੀ ਗਿ੍ਫ਼ਤਾਰ ਕੀਤਾ ਜਾ ਸਕਦਾ ਹੈ | ਇਹ ਸੱਭ ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕੀਤਾ ਜਾ ਰਿਹਾ ਹੈ |''
ਕੇਜਰੀਵਾਲ ਨੇ ਦਾਅਵਾ ਕੀਤਾ ਕਿ ਗੁਜਰਾਤ ਦੇ ਲੋਕ ਦੁਖੀ ਹਨ ਅਤੇ ਰਾਜ ਵਿਚ ਪਿਛਲੇ 27 ਸਾਲਾਂ ਦੇ ਭਾਜਪਾ ਸਾਸ਼ਨ ਦੇ ਹੰਕਾਰ ਦਾ ਖ਼ਾਮਿਆਜ਼ਾ ਭੁਗਤ ਰਹੇ ਹਨ | ਉਨ੍ਹਾਂ ਵਾਅਦਾ ਕੀਤ ਕਿ ਰਾਜ ਵਿਚ ਆਪ ਦੀ ਸਰਕਾਰ ਬਣਨ 'ਤੇ ਗੁਜਰਾਤ ਦੇ ਲੋਕਾਂ ਨੂੰ ਗੁਣਵੱਤਾਪੂਰਣ ਸਿਖਿਆ ਅਤੇ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ |
ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਬਚਾਅ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਨੂੰ ਬਦਲਣ ਲਈ ਮਜਬੂਰ ਕੀਤਾ ਗਿਆ | ਉਨ੍ਹਾਂ ਕਿਹਾ, ''ਦਿੱਲੀ ਵਿਚ ਕੁਲ 850 ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣੀਆਂ ਸਨ ਪਰ 350 ਦੁਕਾਨਾਂ ਹੀ ਖੁਲ੍ਹ ਸਕੀਆਂ, 500 ਦੁਕਾਨਾਂ ਨਹੀਂ ਖੁਲ੍ਹੀਆਂ | ਕੇਂਦਰ ਅਤੇ ਸਾਰੀਆਂ ਏਜੰਸੀਆਂ ਨੇ ਜਿਵੇਂ ਸਾਡੇ ਅਧਿਕਾਰੀਆਂ 'ਤੇ ਦਬਾਅ ਬਣਾਉਣਾ ਸ਼ੁਰੂ ਕੀਤਾ, ਉਨ੍ਹਾਂ ਨੇ ਨਵੀਂਆਂ ਦੁਕਾਨਾ ਨੂੰ ਨਿਲਾਮੀ ਲਈ ਇਨਕਾਰ ਕਰ ਦਿਤਾ | ਐਲ.ਜੀ (ਉਪ ਰਾਜਪਾਲ), ਪੁਲਿਸ ਅਤੇ ਕੇਂਦਰੀ ਏਜੰਸੀਆਂ ਦਬਾਅ ਬਣਾ ਰਹੀਆਂ ਸਨ | ਨੀਤੀ ਬਹੁਤ ਚੰਗੀ ਹੈ ਅਤੇ ਅਸੀਂ ਕਿਸੇ ਨਾਲ ਵੀ ਬਹਿਸ ਲਈ ਤੈਆਰ ਹਾਂ |
(ਏਜੰਸੀ)