
Jaswinder Bhalla Cremation News: ਬੀਤੇ ਦਿਨ ਦਿਮਾਗੀ ਦੌਰਾ ਪੈਣ ਨਾਲ ਹੋਈ ਸੀ ਮੌਤ
Jaswinder Bhalla Cremation News: ਪੰਜਾਬੀ ਕਾਮੇਡੀ ਦੇ ਬਾਦਸ਼ਾਹ ਜਸਵਿੰਦਰ ਭੱਲਾ ਦਾ ਅੰਤਿਮ ਸਸਕਾਰ ਮੋਹਾਲੀ ਦੇ ਬਲੌਗੀ ਵਿੱਚ ਗਮਗੀਨ ਮਾਹੌਲ ਵਿੱਚ ਕੀਤਾ ਗਿਆ। ਉਨ੍ਹਾਂ ਦੀ ਦੇਹ ਨੂੰ ਉਨ੍ਹਾਂ ਦੇ ਘਰ ਤੋਂ ਫੁੱਲਾਂ ਨਾਲ ਸਜਾਈ ਬੱਸ ਰਾਹੀਂ ਸ਼ਮਸ਼ਾਨਘਾਟ ਲਿਆਂਦਾ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਹੁੰਚੇ।
ਗਿੱਪੀ ਗਰੇਵਾਲ, ਨੀਰੂ ਬਾਜਵਾ ਅਤੇ ਕਾਮੇਡੀਅਨ ਬੀ.ਐਨ. ਸ਼ਰਮਾ ਸਮੇਤ ਫ਼ਿਲਮ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਮੌਜੂਦ ਸਨ। ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਭੱਲਾ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ।
ਅੰਤਿਮ ਸੰਸਕਾਰ ਦੌਰਾਨ ਮਾਹੌਲ ਉਦੋਂ ਜ਼ਿਆਦਾ ਭਾਵੁਕ ਹੋ ਗਿਆ ਜਦੋਂ ਪੁੱਤਰ ਨੇ ਆਪਣੇ ਪਿਤਾ ਦੀ ਚਿਤਾ ਨੂੰ ਅੱਗ ਲਗਾ ਕੇ ਅਲਵਿਦਾ ਕਿਹਾ। ਇਸ ਦੌਰਾਨ ਪਰਿਵਾਰ ਅਤੇ ਅਜ਼ੀਜ਼ਾਂ ਦੀਆਂ ਅੱਖਾਂ ਨਮ ਹੋ ਗਈਆਂ। ਭੀੜ ਨੂੰ ਕਾਬੂ ਕਰਨ ਲਈ ਸ਼ਮਸ਼ਾਨਘਾਟ 'ਤੇ ਸਖ਼ਤ ਪੁਲਿਸ ਪ੍ਰਬੰਧ ਕੀਤੇ ਗਏ ਸਨ। ਕੱਲ੍ਹ ਸ਼ੁੱਕਰਵਾਰ ਨੂੰ ਜਸਵਿੰਦਰ ਭੱਲਾ ਦਾ 65 ਸਾਲ ਦੀ ਉਮਰ ਵਿੱਚ ਦਿਮਾਗੀ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ।
ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੋਰਾਹਾ ਵਿੱਚ ਹੋਇਆ ਸੀ ਪਰ ਉਨ੍ਹਾਂ ਦਾ ਪਿਛੋਕੜ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੱਦੋਂ ਦਾ ਸੀ। ਉਨ੍ਹਾਂ ਦੇ ਪਿਤਾ ਬਹਾਦਰ ਸਿੰਘ ਭੱਲਾ ਪੇਸ਼ੇ ਵਜੋਂ ਅਧਿਆਪਕ ਸਨ। ਅਧਿਆਪਕ ਵੱਜੋਂ ਨੌਕਰੀ ਲੱਗਣ ਮਗਰੋਂ ਉਨ੍ਹਾਂ ਦੇ ਪਿਤਾ ਦੋਰਾਹਾ ਵੱਸ ਗਏ ਸਨ। ਦੋਰਾਹੇ ਤੋਂ ਹੀ ਭੱਲਾ ਨੇ ਸੀਨੀਅਰ ਸੈਕੰਡਰੀ ਸਕੂਲ ਤੋਂ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਜਸਵਿੰਦਰ ਭੱਲਾ ਦਾ ਜਨਮ ਚਾਹੇ ਦੋਰਾਹਾ ਵਿੱਚ ਹੋਇਆ ਸੀ ਪਰ ਉਨ੍ਹਾਂ ਨੇ ਆਪਣੇ ਪਿੰਡ ਆਉਣਾ ਜਾਣਾ ਸਾਰੀ ਉਮਰ ਜਾਰੀ ਰੱਖਿਆ ਸੀ।