ਸੂਬਾ-ਕੇਂਦਰੀ ਏਜੰਸੀਆਂ ਦੀ ਮੀਟਿੰਗ ਤੋਂ ਬਾਅਦ ਹੋਈ ਕਾਰਵਾਈ
ਜਲੰਧਰ: ਭਾਰਤ 'ਚ ਮੋਸਟ ਵਾਂਟੇਡ ਗੈਂਗਸਟਰਾਂ-ਅੱਤਵਾਦੀਆਂ ਨੂੰ ਲੈ ਕੇ ਸੂਬਾ ਅਤੇ ਕੇਂਦਰੀ ਏਜੰਸੀਆਂ ਵਿਚਾਲੇ ਹੋਈ ਬੈਠਕ 'ਚ ਲਏ ਗਏ ਫੈਸਲੇ 'ਤੇ ਕਾਰਵਾਈ ਸ਼ੁਰੂ ਹੋ ਗਈ ਹੈ। ਮੀਟਿੰਗ ਤੋਂ ਇੱਕ ਦਿਨ ਬਾਅਦ ਹੀ ਏਜੰਸੀਆਂ ਨੇ ਜਲੰਧਰ ਦੇ ਪਿੰਡ ਭਾਰਸਿੰਘਪੁਰਾ (ਫਿਲੌਰ) ਤੋਂ ਕੈਨੇਡਾ ਵਿਚ ਮਾਰੇ ਗਏ 10 ਲੱਖ ਰੁਪਏ ਦੇ ਇਨਾਮੀ ਭਾਰਤੀ ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਜਾਇਦਾਦ ਨੂੰ ਸੀਲ ਕਰਨਾ ਸ਼ੁਰੂ ਕਰ ਦਿਤਾ ਹੈ।
ਇਹ ਵੀ ਪੜ੍ਹੋ: ਕੈਨੇਡਾ ਤੁਹਾਡਾ ਆਪਣਾ ਘਰ ਹੈ ਅਤੇ ਤੁਸੀਂ ਇੱਥੇ ਆਉਣ ਦੇ ਹੱਕਦਾਰ ਹੋ-ਸੰਸਦ ਮੈਂਬਰ ਜਗਮੀਤ ਸਿੰਘ
ਨਿੱਝਰ ਦੇ ਬੰਦ ਘਰ ਦੇ ਬਾਹਰ ਨੋਟਿਸ ਚਿਪਕਾਇਆ ਗਿਆ ਹੈ। ਜੋ ਨੋਟਿਸ ਚਿਪਕਾਇਆ ਗਿਆ ਹੈ, ਉਹ ਮੁਹਾਲੀ ਦੀ ਵਿਸ਼ੇਸ਼ ਐਨਆਈਏ ਕਮ ਸੀਬੀਆਈ ਅਦਾਲਤ ਵੱਲੋਂ ਜਾਰੀ ਕੀਤਾ ਗਿਆ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਐਨਆਈਏ ਨੇ ਹਰਦੀਪ ਸਿੰਘ ਨਿੱਝਰ ਦੀ ਅਚੱਲ ਜਾਇਦਾਦ ਨੂੰ ਜ਼ਬਤ ਕਰਨ ਲਈ ਪਟੀਸ਼ਨ ਦਾਇਰ ਕੀਤੀ ਹੈ। ਇਸ ਮਾਮਲੇ ਵਿਚ ਰਿਸ਼ਤੇਦਾਰ 11 ਅਕਤੂਬਰ ਨੂੰ ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰ ਸਕਦੇ ਹਨ।
ਇਹ ਵੀ ਪੜ੍ਹੋ: ਟਰੂਡੋ ਨੇ ਭਾਰਤ 'ਤੇ ਦੋਸ਼ ਲਗਾ ਕੇ ਕੀਤੀ ਵੱਡੀ ਗਲਤੀ- ਅਮਰੀਕੀ ਰੱਖਿਆ ਮਾਹਿਰ
ਨਿੱਝਰ ਦੇ ਨਾਲ-ਨਾਲ ਪੰਜਾਬ 'ਚ ਵਿਦੇਸ਼ਾਂ 'ਚ ਬੈਠੇ ਅੱਤਵਾਦੀਆਂ ਅਤੇ ਗੈਂਗਸਟਰਾਂ ਦੀਆਂ ਜਾਇਦਾਦਾਂ ਕੁਰਕ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਨਿੱਝਰ 1996 'ਚ ਰਵੀ ਸ਼ਰਮਾ ਦੇ ਨਾਂ 'ਤੇ ਫਰਜ਼ੀ ਪਾਸਪੋਰਟ ਬਣਾ ਕੇ ਕੈਨੇਡਾ ਭੱਜ ਗਿਆ ਸੀ। ਇੱਥੇ ਇੱਕ ਹਲਫ਼ਨਾਮੇ ਵਿੱਚ ਉਸਨੇ ਇਹ ਦਿਖਾਇਆ ਸੀ ਕਿ ਉਸਦੇ ਭਰਾ, ਪਿਤਾ ਅਤੇ ਚਾਚੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸਨੂੰ ਖੁਦ ਪੁਲਿਸ ਨੇ ਤਸੀਹੇ ਦਿੱਤੇ ਸਨ, ਪਰ ਉਸਦੇ ਦਾਅਵੇ ਨੂੰ ਰੱਦ ਕਰ ਦਿੱਤਾ ਗਿਆ ਸੀ।
ਦੱਸ ਦੇਈਏ ਕਿ 45 ਸਾਲਾ ਹਰਦੀਪ ਸਿੰਘ ਨਿੱਝਰ ਦੀ ਇਸ ਸਾਲ 18 ਜੂਨ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਵਿਚ ਇਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਕਾਫੀ ਵਿਵਾਦ ਚੱਲ ਰਿਹਾ ਹੈ। ਹਰਦੀਪ ਸਿੰਘ ਨਿੱਝਰ ਜਲੰਧਰ ਜ਼ਿਲ੍ਹੇ ਦੇ ਪਿੰਡ ਭਾਰਸਿੰਘਪੁਰਾ ਦਾ ਵਸਨੀਕ ਸੀ। ਨਿੱਝਰ ਸ਼ੁਰੂ ਤੋਂ ਹੀ ਗਰਮਖਿਆਲੀ ਸੋਚ ਰੱਖਣ ਵਾਲੇ ਸਨ ਤੇ 1992 ਵਿੱਚ ਕੈਨੇਡਾ ਚਲੇ ਗਏ। ਇਸ ਤੋਂ ਬਾਅਦ ਉਹ ਕਦੇ ਪਿੰਡ ਨਹੀਂ ਪਰਤਿਆ। ਤਿੰਨ ਸਾਲ ਪਹਿਲਾਂ ਉਸ ਦਾ ਪੂਰਾ ਪਰਿਵਾਰ ਵੀ ਕੈਨੇਡਾ ਆ ਕੇ ਵੱਸ ਗਿਆ ਸੀ।