
Punjab News ਦਿੱਲੀ ਏਅਰਪੋਰਟ ਤੋਂ ਪੰਜਾਬ ਜਾ ਰਹੇ ਪ੍ਰਵਾਰ ਦੀ ਕਾਰ ਖੜ੍ਹੇ ਟਰੱਕ ਨਾਲ ਟਕਰਾਈ
Amritsar NRI death in road accident News: ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਸਮਾਣਾਬਾਹੂ ਨੇੜੇ ਜੀ.ਟੀ ਰੋਡ 'ਤੇ ਇੱਕ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਤਿੰਨ ਹੋਰ ਲੋਕ ਜ਼ਖ਼ਮੀ ਹੋ ਗਏ। ਪਰਿਵਾਰ ਦਿੱਲੀ ਏਅਰਪੋਰਟ ਤੋਂ ਪੰਜਾਬ ਪਰਤ ਰਿਹਾ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ।
ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਕਰਨਾਲ ਭੇਜ ਦਿੱਤਾ ਹੈ, ਜਦਕਿ ਜ਼ਖ਼ਮੀਆਂ ਨੂੰ ਕਲਪਨਾ ਚਾਵਲਾ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸ਼ਨੀਵਾਰ ਰਾਤ ਕਰੀਬ 2 ਵਜੇ ਅੰਮ੍ਰਿਤਸਰ ਦਾ ਅਮਨਪ੍ਰੀਤ ਸਿੰਘ ਆਪਣੇ ਪਰਿਵਾਰ ਦੇ ਚਾਰ ਮੈਂਬਰਾਂ ਨਾਲ ਦਿੱਲੀ ਤੋਂ ਪੰਜਾਬ ਪਰਤ ਰਿਹਾ ਸੀ। ਕਾਰ ਨੂੰ ਅਮਨਪ੍ਰੀਤ ਖੁਦ ਚਲਾ ਰਿਹਾ ਸੀ, ਜਦਕਿ ਉਸ ਦਾ ਮਾਸੜ ਚੰਚਲ ਸਿੰਘ, ਮਾਸੀ ਰਾਜਕੁਮਾਰੀ, ਮਾਸੀ ਦਾ ਲੜਕਾ ਜਗਜੀਤ ਸਿੰਘ ਅਤੇ ਦੋਸਤ ਅਰਮਾਨਦੀਪ ਸਿੰਘ ਵੀ ਕਾਰ ਵਿੱਚ ਸਵਾਰ ਸਨ।
ਸਾਰੇ ਕੈਨੇਡਾ ਤੋਂ ਵਾਪਸ ਆਏ ਚੰਚਲ ਸਿੰਘ ਅਤੇ ਰਾਜਕੁਮਾਰੀ ਨੂੰ ਦਿੱਲੀ ਏਅਰਪੋਰਟ ਤੋਂ ਲੈਣ ਗਏ ਸਨ ਅਤੇ ਉਨ੍ਹਾਂ ਨਾਲ ਪੰਜਾਬ ਪਰਤ ਰਹੇ ਸਨ। ਸ਼ਿਕਾਇਤਕਰਤਾ ਅਮਨਪ੍ਰੀਤ ਨੇ ਦੱਸਿਆ ਕਿ ਜਦੋਂ ਇਹ ਗੱਡੀ ਕਰਨਾਲ ਦੇ ਪਿੰਡ ਸਮਾਣਾਬਾਹੂ ਨੇੜੇ ਪੁੱਜੀ ਤਾਂ ਟਰੱਕ ਬਿਨਾਂ ਕਿਸੇ ਸੰਕੇਤ ਦੇ ਜੀਟੀ ਰੋਡ ਦੀ ਤੀਜੀ ਲੇਨ ਵਿੱਚ ਖੜ੍ਹਾ ਸੀ। ਉਸ ਨੇ ਟਰੱਕ ਤੋਂ ਬਚਣ ਦੀ ਕੋਸ਼ਿਸ਼ ਕੀਤੀ ਪਰ ਕਾਰ ਆਪਣਾ ਸੰਤੁਲਨ ਗੁਆ ਬੈਠੀ ਅਤੇ ਟਰੱਕ ਨਾਲ ਟਕਰਾ ਗਈ।
ਟੱਕਰ ਤੋਂ ਬਾਅਦ ਰਾਹਗੀਰਾਂ ਨੇ ਸਾਰਿਆਂ ਨੂੰ ਕਾਰ 'ਚੋਂ ਬਾਹਰ ਕੱਢਿਆ ਅਤੇ ਐਂਬੂਲੈਂਸ ਦੀ ਮਦਦ ਨਾਲ ਨੀਲੋਖੇੜੀ ਦੇ ਸਰਕਾਰੀ ਹਸਪਤਾਲ 'ਚ ਪਹੁੰਚਾਇਆ।
ਇਸ ਹਾਦਸੇ 'ਚ ਚੰਚਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਰਾਜਕੁਮਾਰੀ, ਜਗਜੀਤ ਸਿੰਘ ਅਤੇ ਅਰਮਾਨਦੀਪ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ | ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।