
ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਮਹਾਰਿਸ਼ੀ ਵਾਲਮੀਕੀ ਦੀ ਭੂਮਿਕਾ ਨਿਭਾਉਣ ਦਾ ਹੈ ਆਰੋਪ
ਜਲੰਧਰ : ਵਾਲਮੀਕੀ ਭਾਈਚਾਰੇ ਵੱਲੋਂ ਜਲੰਧਰ ਪੁਲਿਸ ਕੋਲ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅਕਸ਼ੈ ਕੁਮਾਰ ਦੀ ਭਗਵਾਨ ਵਾਲਮੀਕੀ ਦੇ ਰੂਪ ਵਿਚ ਇਕ ਇਤਰਾਜ਼ਯੋਗ ਤਸਵੀਰ ਅਤੇ ਫਰਜ਼ੀ ਫ਼ਿਲਮ ਦਾ ਟਰੇਲਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਸ ਟਰੇਲਰ ਵਿਚ ਕਈ ਇਤਰਾਜ਼ਯੋਗ ਟਿੱਪਣੀਆਂ ਵੀ ਹਨ, ਜਿਸ ਨਾਲ ਵਾਲਮੀਕੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਵਾਲਮੀਕੀ ਭਾਈਚਾਰੇ ਨੇ ਪੁਲਿਸ ਕੋਲੋਂ ਸੋਸ਼ਲ ਮੀਡੀਆ ’ਤੇ ਵੀਡੀਓ ਅਪਲੋਡ ਕਰਨ ਵਾਲੀ ਕੰਪਨੀ ਵਿਰੁੱਧ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਫਿਲਮ ਦੇ ਇਕ ‘ਫਰਜ਼ੀ’ ਟਰੇਲਰ ਵਿਚ ਅਕਸ਼ੈ ਕੁਮਾਰ ਨੂੰ ਮਹਾਰਿਸ਼ੀ ਵਾਲਮੀਕੀ ਦੀ ਭੂਮਿਕਾ ’ਚ ਦਿਖਾਇਆ ਗਿਆ ਹੈ। ਜਦਕਿ ਬਾਲੀਵੁੱਡ ਅਦਾਕਾਰ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਫ਼ਿਲਮ ’ਚ ਮਹਾਰਿਸ਼ੀ ਵਾਲਮੀਕੀ ਦੀ ਭੂਮਿਕਾ ਨਹੀਂ ਨਿਭਾਈ ਗਈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓਜ਼ ਨੂੰ ਫਰਜ਼ੀ ਅਤੇ ਏਆਈ ਰਾਹੀਂ ਤਿਆਰ ਕੀਤੀਆਂ ਗਈਆਂ ਦੱਸਿਆ ਹੈ।