
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜੁਟੇਗੀ ਸਮੁੱਚੀ ਲੀਡਰਸ਼ਿਪ
ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਸਮੁੱਚੀ ਲੀਡਰਸ਼ਿਪ ਦੀ ਅਹਿਮ ਸਮੀਖਿਆ ਮੀਟਿੰਗ ਕੀਤੀ ਗਈ। ਸਮੀਖਿਆ ਮੀਟਿੰਗ ਵਿੱਚ ਪੰਜਾਬ ਦੇ ਤਾਜਾ ਹਾਲਾਤਾਂ ਉਪਰ ਨਜ਼ਰਸਾਨੀ ਕੀਤੀ ਗਈ। ਪਾਰਟੀ ਵੱਲੋਂ ਵੱਖ ਵੱਖ ਜਗ੍ਹਾ ਜਾਰੀ ਪੱਕੇ ਰਾਹਤ ਕੈਂਪਾਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਲੀਡਰਸ਼ਿਪ ਤੋਂ ਮਿਲੀ ਜਾਣਕਾਰੀ ਤੋਂ ਬਾਅਦ 25 ਸਤੰਬਰ ਨੂੰ ਬੁਲਾਏ ਗਏ ਜਨਰਲ ਡੈਲੀਗੇਟ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ। ਲੀਡਰਸ਼ਿਪ ਵਲੋਂ ਮਿਲੇ ਸੁਝਾਅ ਅਤੇ ਫੀਡਬੈਕ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾ ਕਰ ਰਹੇ ਪਾਰਟੀ ਵਰਕਰਾਂ ਸਮੇਤ ਸਾਰੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਡਟ ਕੇ ਕੁਦਰਤੀ ਤਰਾਸਦੀ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਦੇ ਨੌਜਵਾਨਾਂ ਨੇ ਵੱਡੀ ਮੁਸੀਬਤ ਵੇਲੇ ਆਪਣੇ ਸਿਦਕ ਨੂੰ ਪੇਸ਼ ਕਰਕੇ ਦੁਨੀਆ ਸਾਹਮਣੇ ਮਿਸਾਲ ਪੇਸ਼ ਕੀਤੀ ਹੈ।
ਇਸ ਮੌਕੇ ਵੱਖ ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸਮੁੱਚੀ ਲੀਡਰਸ਼ਿਪ ਦੀ ਡਿਊਟੀ ਲਗਾਈ ਗਈ। ਸਮੁੱਚੀ ਲੀਡਰਸ਼ਿਪ ਪ੍ਰਭਾਵਿਤ ਇਲਾਕਿਆਂ ਵਿੱਚ ਜਾਕੇ ਜਰੂਰੀ ਵਸਤਾਂ ਦੀ ਲਿਸਟ ਤਿਆਰ ਕਰੇਗੀ ਤਾਂ ਜੋ ਪੀੜਤ ਪਰਿਵਾਰਾਂ ਦੀ ਓਹਨਾ ਦੀ ਲੋੜ ਅਨੁਸਾਰ ਮੰਗ ਪੂਰੀ ਕੀਤੀ ਜਾ ਸਕੇ। ਰਾਹਤ ਕੈਂਪਾਂ ਤੋਂ ਮਿਲੇ ਸੁਝਾਅ ਤਹਿਤ ਪਾਰਟੀ ਲੀਡਰਸ਼ਿਪ ਕਿਸਾਨਾਂ ਦੇ ਖੇਤਾਂ ਵਿੱਚੋਂ ਮਿੱਟੀ ਕੱਢਣ ਲਈ ਡੀਜ਼ਲ ਦੇ ਪ੍ਰਬੰਧ ਦੇ ਨਾਲ ਨਾਲ ਘਰਾਂ ਦੀ ਮੁਰੰਮਤ ਲਈ ਆਪਣਾ ਯੋਗਦਾਨ ਪਾਵੇਗੀ। ਇਸ ਦੇ ਨਾਲ ਹੀ ਇਸ ਕੁਦਰਤੀ ਆਫ਼ਤ ਨਾਲ ਬਿਮਾਰੀਆਂ ਫੈਲਣ ਦੇ ਖਦਸ਼ੇ ਮੁਤਾਬਿਕ ਮੈਡੀਕਲ ਕਿੱਟਾਂ ਅਤੇ ਮੈਡੀਕਲ ਦਸਤੇ ਭੇਜਣ ਅਤੇ ਮੈਡੀਕਲ ਕੈਂਪ ਲਾਜ਼ਮੀ ਤੌਰ ਤੇ ਲਗਾਏ ਜਾਣਗੇ। ਇਸ ਦੇ ਨਾਲ ਹੀ ਪਾਰਟੀ ਵਲੋ ਪਹਿਲਾਂ ਹੀ ਫੈਸਲਾ ਕੀਤਾ ਗਿਆ ਸੀ ਕਿ ਸਕੂਲੀ ਬੱਚਿਆਂ ਲਈ ਸਟੇਸ਼ਨਰੀ, ਕਿਤਾਬਾਂ ਅਤੇ ਵਰਦੀਆਂ ਦਾ ਪ੍ਰਬੰਧ ਕੀਤਾ ਜਾਵੇਗਾ।
ਅੱਜ ਦੀ ਸਮੀਖਿਆ ਮੀਟਿੰਗ ਵਿੱਚ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਸਰਦਾਰ ਸੁਰਜੀਤ ਸਿੰਘ ਰੱਖੜਾ, ਸਰਦਾਰ ਪ੍ਰਮਿੰਦਰ ਸਿੰਘ ਢੀਂਡਸਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੁੱਚਾ ਸਿੰਘ ਛੋਟੇਪੁਰ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਪਰਮਜੀਤ ਕੌਰ ਗੁਲਸ਼ਨ, ਸਰਦਾਰ ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਜੱਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਰਦਾਰ ਚਰਨਜੀਤ ਸਿੰਘ ਬਰਾੜ, ਸਰਦਾਰ ਅਜੇਪਾਲ ਸਿੰਘ ਬਰਾੜ, ਰਣਧੀਰ ਸਿੰਘ ਰੱਖੜਾ, ਤੇਜਿੰਦਰ ਸਿੰਘ ਪੰਨੂ, ਤੇਜਿੰਦਰ ਸਿੰਘ ਸੰਧੂ ਸ਼ਾਮਲ ਹੋਏ।