
ਬੈਂਸ ਨੇ ਅਕਾਲੀਆਂ ਅਤੇ ਆਪ ਆਗੂਆਂ ਦੇ ਖੋਲ੍ਹੇ ਭੇਦ
ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸਿਆਸੀ ਪਾਰਟੀਆਂ ਖੇਤੀ ਕਾਨੂੰਨਾਂ ਰਾਹੀਂ 2022 ਦੀ ਵਿਧਾਨ ਸਭਾ ਚੋਣਾਂ ਜਿੱਤਣ ਦੀ ਤਾਕ ਵਿਚ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸਿਮਰਜੀਤ ਬੈਂਸ ਨੇ ਕਿਹਾ ਕਿ ਉਹਨਾਂ ਨੇ ਵਿਧਾਨ ਸਭਾ ਦੇ ਇਜਲਾਸ ਦੀ ਕਾਰਵਾਈ ਦੌਰਾਨ ਸਪੀਕਰ ਕੋਲ ਮੰਗ ਰੱਖੀ ਸੀ ਕਿ ਸੈਸ਼ਨ ਦੀ ਕਾਰਵਾਈ ਦੀ ਵੀਡੀਓ ਜਨਤਕ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸੂਬੇ ਦੇ ਸਾਰੇ ਵਿਧਾਇਕਾਂ ਦਾ ਖੇਤੀ ਕਾਨੂੰਨਾਂ ਬਾਰੇ ਕੀ ਰੁਖ ਹੈ।
Simarjeet Singh Bains
ਉਹਨਾਂ ਕਿਹਾ ਕਿ ਸਿਆਸੀ ਪਾਰਟੀਆਂ 2022 ਦੀਆਂ ਚੋਣਾਂ ਵਿਚ ਅਪਣੀ ਹੋਂਦ ਬਚਾਉਣ ਲਈ ਰਾਹ ਲੱਭ ਰਹੀਆਂ ਹਨ। ਉਹਨਾਂ ਕਿਹਾ ਕਿ ਕਾਂਗਰਸ, ਅਕਾਲੀ ਤੇ 'ਆਪ' ਵਾਲੇ ਆਪਸ ਵਿਚ ਰਲੇ ਹੋਏ ਹਨ। ਉਹਨਾਂ ਦੱਸਿਆ ਕਿ ਇਜਲਾਸ ਦੀ ਕਾਰਵਾਈ ਦੌਰਾਨ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਤਰੀਫ਼ਾਂ ਦੇ ਪੁਲ ਬੰਨੇ ਗਏ।
Vidhan Sabha
ਉਹਨਾਂ ਕਿਹਾ ਕਿ ਇੰਝ ਪ੍ਰਤੀਤ ਹੋ ਰਿਹਾ ਸੀ ਕਿ ਸਦਨ ਵਿਚ ਵਿਰੋਧੀ ਧਿਰਾਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਰੰਗ ਵਿਚ ਰੰਗੀਆਂ ਹੋਈਆਂ ਹਨ। ਬੈਂਸ ਨੇ ਦੱਸਿਆ ਕਿ ਵਿਧਾਨ ਸਭਾ ਵਿਚ ਉਹਨਾਂ ਨੇ ਲੋਕ ਇਨਸਾਫ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਬਿੱਲਾਂ ਦਾ ਅਤੇ ਪ੍ਰਸਤਾਵ ਦਾ ਸਮਰਥਨ ਕੀਤਾ। ਉਹਨਾਂ ਦੱਸਿਆ ਕਿ ਉਹਨਾਂ ਨੇ ਵਿਧਾਨ ਸਭਾ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਉਸ ਫੈਸਲੇ ਦਾ ਵਿਰੋਧ ਕੀਤਾ, ਜਿਸ ਵਿਚ ਉਹਨਾਂ ਨੇ ਕਿਸਾਨਾਂ ਨੂੰ ਰੇਲ ਪਟੜੀਆਂ ਤੋਂ ਅੰਦੋਲਨ ਖਤਮ ਕਰਨ ਲਈ ਕਿਹਾ।
Captain Amarinder Singh
ਉਹਨਾਂ ਕਿਹਾ ਕਿ ਉਹਨਾਂ ਨੇ ਵਿਧਾਨ ਸਭਾ ਦੇ ਅੰਦਰੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਚ ਕੇਂਦਰ ਨਾਲ ਨਾਮਿਲਣ ਵਰਤਣ ਦੀ ਲਹਿਰ ਸ਼ੁਰੂ ਕਰਨ। ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਦਫ਼ਤਰਾਂ ਨੂੰ ਤਾਲੇ ਲਗਾ ਕੇ ਸਾਰੇ ਕੇਂਦਰੀ ਵਿਭਾਗਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਜੋ ਸਰਕਾਰ ਨੂੰ ਪਤਾ ਲੱਗ ਸਕੇ ਕਿ ਪੰਜਾਬੀ ਇਕੱਠੇ ਹਨ।
Arvind kejriwal
ਉਹਨਾਂ ਕਿਹਾ ਕਿ ਦੇਸ਼ ਵਿਚ ਅਰਵਿੰਦ ਕੇਜਰੀਵਾਲ ਕੇਂਦਰ ਸਰਕਾਰ ਅਤੇ ਸੂਬਿਆਂ ਵਿਚਕਾਰ ਸੰਘੀ ਢਾਂਚਾ ਮਜ਼ਬੂਤ ਕਰ ਸਕਦੇ ਹਨ। ਉਹਨਾਂ ਨੇ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਕੀ ਉਹ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਅਪਣਾ ਨਾਅਰਾ ਛੱਡ ਚੁੱਕੇ ਹਨ। ਸਿਮਰਜੀਤ ਬੈਂਸ ਨੇ ਕਿਹਾ ਕਿ ਗੁਰਦੁਆਰਾ ਕਮਿਸ਼ਨ ਚੇਅਰਮੈਨ ਦੀ ਨਿਯੁਕਤੀ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਆਰਐਸਐਸ ਦੇ ਦਫ਼ਤਰ ਵਿਖੇ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਹੋਈ ਸੀ।