
ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ’ਤੇ ਚਲ ਕੇ ਅਸਾਮ ਵਿਚ ਇਕੱਲਾ ਸਿੱਖ ਦੇ ਰਿਹੈ ਬਾਬੇ ਨਾਨਕ ਦਾ ਹੋਕਾ
ਗੁਵਹਾਟੀ, 22 ਅਕਤੂਬਰ (ਹਰਦੀਪ ਸਿੰਘ ਭੋਗਲ): ਸਿੱਖ ਧਰਮ ਵਿਚ ਸੇਵਾ ਦਾ ਸੰਕਲਪ ਬਹੁਤ ਮਹਾਨ ਹੈ। ਦੁਨੀਆਂ ਭਰ ਦੇ ਵੱਖ ਵੱਖ ਕੋਨਿਆਂ ਵਿਚ ਵਸਦੇ ਸਿੱਖ ਗੁਰੂ ਨਾਨਕ ਜੀ ਦੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ ਦੇ ਸੰਦੇਸ਼ ਦਾ ਹੋਕਾ ਦਿੰਦੇ ਹਨ। ਅਜਿਹੀ ਹੀ ਸੇਵਾ ਦੀ ਮਿਸਾਲ ਅਸਾਮ ਦੇ ਇਕ ਸਿੱਖ ਨੇ ਪੇਸ਼ ਕੀਤੀ ਗਈ, ਜੋ ਹਰ ਵੇਲੇ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿੰਦੇ ਹਨ।
ਕੈਪਟਨ ਪੀਪੀ ਸਿੰਘ ਕਾਫ਼ੀ ਸਮੇਂ ਤੋਂ ਅਸਾਮ ਵਿਚ ਰਹਿ ਰਹੇ ਹਨ ਅਤੇ ਇਥੋਂ ਦੀਆਂ ਸੰਗਤਾਂ ਦੇ ਸਾਂਝੇ ਸਹਿਯੋਗ ਨਾਲ ਉਹ ਲੋੜਵੰਦਾਂ ਲਈ ਗੁਰੂ ਨਾਨਕ ਦੇਵ ਜੀ ਦਾ ਲੰਗਰ ਚਲਾ ਰਹੇ ਹਨ। ਉਨ੍ਹਾਂ ਦੀ ਗੱਡੀ ਦੀ ਪਛਾਣ ਇਹ ਹੈ ਕਿ ਇਸ ਉਤੇ “ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ” ਖ਼ਾਲਸਾ ਸੈਂਟਰ ਨਾਰਥ ਈਸਟ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਗੱਡੀ ਉੱਤੇ ਦੋ ਨਿਸ਼ਾਨ ਸਾਹਿਬ ਵੀ ਲਗਾਏ ਗਏ ਹਨ। ਗੱਡੀ ਦਾ ਨੰਬਰ ਵੀ 1313 ਹੈ। ਜਦੋਂ ਵੀ ਕਿਸੇ ਲੋੜਵੰਦ ਨੂੰ ਕੈਪਟਨ ਪੀਪੀ ਸਿੰਘ ਦੀ ਇਹ ਗੱਡੀ ਦਿਖਾਈ ਦਿੰਦੀ ਹੈ ਤਾਂ ਉਹ ਬੇਫ਼ਿਕਰ ਹੋ ਜਾਂਦਾ ਹੈ ਅਤੇ ਉਸ ਜੇ ਮਨ ਵਿਚ ਨਵੀਂ ਆਸ ਜਗ ਜਾਂਦੀ ਹੈ। ਕੋਰੋਨਾ ਕਾਲ ਦੌਰਾਨ ਵੀ ਕੈਪਟਨ ਪੀਪੀ ਸਿੰਘ ਲੋੜਵੰਦਾਂ ਲਈ ਆਕਸੀਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਸਪਲਾਈ ਕਰਦੇ ਰਹੇ। ਲਾਕਡਾਊਨ ਦੌਰਾਨ ਉਨ੍ਹਾਂ ਨੇ ਖ਼ੁਦ ਲੰਗਰ ਬਣਾ ਕੇ ਲੋੜਵੰਦਾਂ ਤਕ ਪਹੁੰਚਾਇਆ। 66 ਦਿਨਾਂ ਵਿਚ ਉਨ੍ਹਾਂ ਦੀ ਟੀਮ ਨੇ ਦਿਨ-ਰਾਤ ਮਿਹਨਤ ਕਰਕੇ 3 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਲੰਗਰ ਛਕਾਇਆ।
ਕੈਪਟਨ ਪੀਪੀ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇਹੀ ਮਕਸਦ ਹੈ ਕਿ ਕੋਈ ਵੀ ਵਿਅਕਤੀ ਭੁੱਖਾ ਨਾ ਸੋਵੇ। ਉਨ੍ਹਾਂ ਦਸਿਆ ਕਿ ਇਥੇ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ, ਜਿਵੇਂ ਲੰਗਰ ਬਣਾਉਣ ਲਈ ਵੱਡੇ ਬਰਤਨ ਨਾ ਮਿਲਣਾ, ਲੰਗਰ ਤਿਆਰ ਕਰਨ ਲਈ ਥਾਂ ਨਾ ਮਿਲਣਾ ਅਤੇ ਫ਼ੰਡ ਦੀ ਕਮੀ। ਉਨ੍ਹਾਂ ਨੇ ਲੰਗਰ ਬਣਾਉਣ ਲਈ ਵੱਡੇ ਬਰਤਨ ਅੰਮ੍ਰਿਤਸਰ ਤੋਂ ਮੰਗਵਾਏ। ਇਸ ਤੋਂ ਇਲਾਵਾ ਸਥਾਨਕ ਲੋਕ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੰਦੇ ਹਨ। ਇਸ ਸੇਵਾ ਦੌਰਾਨ ਕੈਪਟਨ ਪੀਪੀ ਸਿੰਘ ਦੇ ਪ੍ਰਵਾਰ ਨੇ ਵੀ ਉਨ੍ਹਾਂ ਦਾ ਬਹੁਤ ਸਾਥ ਦਿਤਾ ਅਤੇ ਉਨ੍ਹਾਂ ਦੀ ਟੀਮ ਵਿਚ ਹਰ ਧਰਮ ਦੇ ਲੋਕ ਸ਼ਾਮਲ ਹਨ।
ਉਨ੍ਹਾਂ ਦੀ ਟੀਮ ਵਲੋਂ ਕੈਂਸਰ ਹਸਪਤਾਲ ਵਿਚ ਮਰੀਜ਼ਾਂ ਦੀ ਸਹੂਲਤ ਲਈ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਕੈਪਟਨ ਪੀਪੀ ਸਿੰਘ ਨੇ ਇਸ ਸੇਵਾ ਦੀ ਸ਼ੁਰੂਆਤ ਕੋਰੋਨਾ ਮਹਾਂਮਾਰੀ ਦੇ ਆਉਣ ਤੋਂ ਇਕ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਰਲ ਕੇ ਹੰਭਲਾ ਮਾਰਨ ਤਾਂ ਉਹ ਪੂਰੀ ਦੁਨੀਆਂ ਵਿਚੋਂ ਭੁੱਖਮਰੀ ਖਤਮ ਕਰ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਇਕੋ ਧਰਮ ਹੈ ਤੇ ਉਹ ਹੈ ਸੇਵਾ। ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ’ਤੇ ਚਲ ਰਹੇ ਕੈਪਟਨ ਪੀਪੀ ਸਿੰਘ ਸਿੱਖ ਕੌਮ ਦਾ ਸਿਰ ਮਾਣ ਨਾਲ ਹੋਰ ਉੱਚਾ ਕਰ ਰਹੇ ਹਨ।