
ਸਾਬਕਾ ਗ੍ਰਹਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵੇਂ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ, ਆਰੂਸਾ ਬੇਗ਼ਮ ਨੂੰ ਲੈ ਕੇ ਉਲਝੇ
ਆਰੂਸਾ ਬੇਗ਼ਮ ਨੂੰ ਲੈ ਕੇ ਉਲਝੇ
ਦੇਸ਼ ਨੂੰ ਖ਼ਤਰਾ ਦਸਣ ਵਾਲੇ ਕੈਪਟਨ ਨੇ ਆਰੂਸਾ ਆਲਮ ਨੂੰ ਸਰਕਾਰੀ ਰਿਹਾਇਸ਼ 'ਤੇ ਕਿਉਂ ਰਖਿਆ? : ਰੰਧਾਵਾ
ਕੈਪਟਨ ਨੇ ਰੰਧਾਵਾ ਨੂੰ ਪੁਛਿਆ, ਤੁਸੀਂ ਮੇਰੀ ਕੈਬਨਿਟ 'ਚ ਮੰਤਰੀ ਰਹੇ ਪਰ ਉਦੋਂ ਕਦੇ ਸ਼ਿਕਾਇਤ ਕਿਉਂ ਨਾ ਕੀਤੀ?
ਚੰਡੀਗੜ੍ਹ, 22 ਅਕਤੂਬਰ (ਗੁਰਉਪਦੇਸ਼ ਭੁੱਲਰ) : ਕਾਂਗਰਸ ਤੋਂ ਖ਼ਫ਼ਾ ਚਲ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁਧ ਹੁਣ ਪੰਜਾਬ ਕਾਂਗਰਸ ਵਿਚੋਂ ਜ਼ੋਰਦਾਰ ਆਵਾਜ਼ਾਂ ਉਠਣ ਲੱਗ ਪਈਆਂ ਹਨ | ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ 'ਚ ਆਈ.ਐਸ.ਆਈ ਦਾ ਖ਼ਤਰਾ ਹੋਣ ਦੀ ਗੱਲ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਕ ਮੌਕਾਪ੍ਰਸਤ ਆਗੂ ਹਨ | ਉਨ੍ਹਾਂ ਪਾਰਟੀ ਦੀ ਪਿੱਠ 'ਚ ਛੁਰਾ ਮਾਰਿਆ ਹੈ | ਜੇਕਰ ਅਜਿਹਾ ਹੈ ਤਾਂ ਚਾਰ ਸਾਲਾਂ ਤਕ ਉਨ੍ਹਾਂ ਪਾਕਿਸਤਾਨੀ ਨਾਗਰਿਕ ਅਰੂਸਾ ਆਲਮ ਨੂੰ ਅਪਣੀ ਸਰਕਾਰੀ ਰਿਹਾਇਸ਼ 'ਚ ਕਿਉਂ ਰਖਿਆ?
ਸੁਖਜਿੰਦਰ ਸਿੰਘ ਰੰਧਾਵਾ ਕੋਲ ਗ੍ਰਹਿ ਵਿਭਾਗ ਵੀ ਹੈ | ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ | ਉਹ (ਕੈਪਟਨ ਅਮਰਿੰਦਰ ਸਿੰਘ) ਹੁਣ ਕਹਿ ਰਹੇ ਹਨ ਕਿ ਆਈ.ਐਸ.ਆਈ ਤੋਂ ਖ਼ਤਰਾ ਹੈ | ਕੈਪਟਨ ਦੀ ਮਹਿਲਾ ਮਿੱਤਰ ਆਰੂਸਾ ਆਲਮ ਦੇ ਆਈ.ਐਸ.ਆਈ ਨਾਲ ਸਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ | ਕੈਪਟਨ ਅਮਰਿੰਦਰ ਸਿੰਘ ਪਿਛਲੇ ਸਾਢੇ ਚਾਰ ਸਾਲ ਤੋਂ ਪਾਕਿਸਤਾਨ ਤੋਂ ਡਰੋਨ ਆਉਣ ਦਾ ਮੁੱਦਾ ਚੁਕਦੇ ਰਹੇ ਹਨ, ਇਸ ਲਈ ਕੈਪਟਨ ਨੇ ਪਹਿਲਾਂ ਇਹ ਮੁੱਦਾ ਉਠਾਇਆ ਤੇ ਬਾਅਦ ਵਿਚ ਪੰਜਾਬ 'ਚ ਬੀ.ਐਸ.ਐਫ਼ ਨੂੰ ਤਾਇਨਾਤ ਕੀਤਾ | ਇਹ ਇਕ ਵੱਡੀ ਸਾਜ਼ਸ਼ ਲਗਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਆਪ ਕੌਮੀ ਸੁਰੱਖਿਆ ਦੀ ਗੱਲ ਕਰਦੇ ਹੋ ਤਾਂ ਆਰੂਸਾ ਆਲਮ ਦੇ ਮਾਮਲੇ ਦੀ ਜਾਂਚ ਹੋਵੇਗੀ |
ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਰੂਸਾ ਦੇ ਮਾਮਲੇ ਨੂੰ ਲੈ ਕੇ ਅਪਣੀ ਚੁਪ ਤੋੜ ਦਿਤੀ ਹੈ | ਉਨ੍ਹਾਂ ਅਪਣੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਰਾਹੀਂ ਕੀਤੇ ਟਵੀਟ ਰਾਹੀਂ ਦੋਸ਼ਾਂ ਦਾ ਜਵਾਬ ਦਿੰਦਿਆਂ ਉਪ ਮੁੱਖ ਮੰਤਰੀ ਰੰਧਾਵਾ ਨੂੰ ਪੁਛਿਆ ਕਿ ਤੁਸੀਂ ਮੇਰੀ ਕੈਬਨਿਟ ਵਿਚ ਮੰਤਰੀ ਰਹੇ ਤਾਂ ਉਸ ਵੇਲੇ ਕਦੇ ਇਸ ਬਾਰੇ ਕੋਈ ਸ਼ਿਕਾਇਤ ਕਿਉਂ ਨਾ ਕੀਤੀ?
ਕੈਪਟਨ ਨੇ ਅੱਗੇ ਕਿਹਾ ਕਿ ਹੁਣ ਤੁਸੀਂ ਨਿਜੀ ਹਮਲਿਆਂ 'ਤੇ ਉਤਰ ਆਏ ਹੋ | ਉਨ੍ਹਾਂ ਅੱਗੇ ਕਿਹਾ ਕਿ ਇਹ ਸਮਾਂ ਨਿਜੀ ਹਮਲਿਆਂ ਦਾ ਨਹੀਂ ਬਲਕਿ ਸੂਬੇ ਨੂੰ ਸੰਭਾਲਣ ਦਾ ਹੈ | ਕੈਪਟਨ ਨੇ ਕਿਹਾ ਕਿ ਸੂਬੇ ਦੀ ਅਮਨ ਕਾਨੂੰਨ ਦੀ ਹਾਲਤ ਖ਼ਰਾਬ ਹੈ ਅਤੇ ਤੁਹਾਡੇ ਆਸ-ਪਾਸ ਅਤਿਵਾਦ ਦੇ ਵੱਡੇ ਖ਼ਤਰੇ ਮੰਡਰਾ ਰਹੇ ਹਨ | ਬਰਗਾੜੀ ਤੇ ਡਰੱਗ ਮਾਮਲਿਆਂ ਵਿਚ ਵਾਅਦੇ ਪੂਰੇ ਕਰਨ ਵਲ ਧਿਆਨ ਦੇਣ ਦੀ ਥਾਂ ਆਪ ਬੇਬੁਨਿਆਦ ਨਿਜੀ ਇਲਜ਼ਾਮਬਾਜ਼ੀ ਵਿਚ ਸਮਾਂ ਗੁਆ ਰਹੇ ਹੋ |