 
          	ਰਾਸ਼ਟਰਪਤੀ ਕੋਵਿੰਦ ਨੇ ਪ੍ਰਵਾਰ ਸਮੇਤ ਤਖ਼ਤ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ
ਸਿੱਖ ਕੈਦੀਆਂ ਦੀ ਰਿਹਾਈ, ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ ਮੰਗ ਪੱਤਰ ਸੌਂਪਿਆ
ਨਵੀਂ ਦਿੱਲੀ, 22 ਅਕਤੂਬਰ (ਸੁਖਰਾਜ ਸਿੰਘ): ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਪਣੀ ਸੁਪਤਨੀ ਅਤੇ ਨੂੰਹ ਰਾਣੀ ਨਾਲ ਅੱਜ ਤਖ਼ਤ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ। ਤਖ਼ਤ ਪਟਨਾ ਸਾਹਿਬ ਅਹੁਦੇਦਾਰਾਂ ਵਲੋਂ ਰਾਸ਼ਟਰਪਤੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਵਾਲਾ ਯਾਦਗਾਰੀ ਚਿੰਨ੍ਹ ਤੇ ਕਿਰਪਾਨ ਭੇਟ ਕੀਤੀ ਅਤੇ ਨਾਲ ਹੀ ਜਥੇਦਾਰ ਰਣਜੀਤ ਸਿੰਘ ਗੌਹਰ-ਏ-ਮਸਕੀਨ ਵਲੋਂ ਉਨ੍ਹਾਂ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਗਿਆ। 
ਇਸ ਤੋਂ ਪਹਿਲਾਂ ਬਿਹਾਰ ਦੇ ਰਾਜਪਾਲ ਰਹਿੰਦਿਆਂ ਰਾਮਨਾਥ ਕੋਵਿੰਦ ਕਈ ਵਾਰ ਤਖ਼ਤ ਪਟਨਾ ਸਾਹਿਬ ਮੱਥਾ ਟੇਕਣ ਆਉਂਦੇ ਸਨ ਅਤੇ ਬਿਹਾਰ ਵਿਧਾਨ ਸਭਾ ਦੇ ਸੌ ਵਰ੍ਹੇ ਪੂਰੇ ਹੋਣ ਮੌਕੇ ਬਿਹਾਰ ਫੇਰੀ ਦੌਰਾਨ ਉਨ੍ਹਾਂ ਨੇ ਪ੍ਰਵਾਰ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤਖ਼ਤ ਪਟਨਾ ਸਾਹਿਬ ਨਤਮਸਤਕ ਹੋਣ ਦੀ ਇੱਛਾ ਪ੍ਰਗਟਾਈ ਸੀ। ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ, ਜਨਰਲ ਸਕੱਤਰ ਇੰਦਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਜੋਤ ਸਿੰਘ ਸੋਹੀ, ਮੀਤ ਪ੍ਰਧਾਨ ਲਖਵਿੰਦਰ ਸਿੰਘ, ਮੈਂਬਰ ਗੁਰਵਿੰਦਰ ਸਿੰਘ ਵਲੋਂ ਰਾਸ਼ਟਰਪਤੀ ਦਾ ਸੁਆਗਤ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ ਹਿਤ ਅਤੇ ਇੰਦਰਜੀਤ ਸਿੰਘ ਨੇ ਦਸਿਆ ਕਿ ਕਮੇਟੀ ਵਲੋਂ ਰਾਸ਼ਟਰਪਤੀ ਨੂੰ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਜੋ ਕਿ ਜਨਵਰੀ ਵਿਚ ਮਨਾਇਆ ਜਾਣਾ ਹੈ ਉਸ ਲਈ ਵੀ ਸੱਦਾ ਦਿੰਦਿਆਂ ਇਕ ਮੰਗ ਪੱਤਰ ਵੀ ਸੌਂਪਿਆ ਗਿਆ ਜਿਸ ’ਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ’ਤੇ ਇਕ ਯੁਨੀਵਰਸਿਟੀ ਬਣਾਉਣ ਦੀ ਮੰਗ ਕੀਤੀ ਗਈ ਤੇ ਨਾਲ ਹੀ ਕਿਸਾਨਾਂ ਦੇ ਮਸਲੇ ਨੂੰ ਜਲਦ ਹੱਲ ਕਰਨ ਦੀ ਅਪੀਲ ਵੀ ਕੀਤੀ ਗਈ। ਜੇਲਾਂ ’ਚ ਬੰਦ ਸਿੱਖ ਕੈਦੀ ਜੋ ਅਪਣੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਅਦ ਵੀ ਹੁਣ ਤਕ ਜੇਲਾਂ ’ਚ ਬੰਦ ਹਨ ਉਨ੍ਹਾਂ ਦੀ ਰਿਹਾਈ ਦੀ ਮੰਗ ਵੀ ਕੀਤੀ।
 
                     
                
 
	                     
	                     
	                     
	                     
     
     
                     
                     
                     
                     
                    