
ਕਤਲ-ਬਲਾਤਕਾਰ ਦੇ ਕੇਸਾਂ ਤੋਂ ਬਚਣ ਲਈ ਸੌਦਾ ਸਾਧ ਨੇ ਕਰਵਾਇਆ ਸੀ ਮੌੜ ਮੰਡੀ ਬੰਬ ਧਮਾਕਾ!
ਚੰਡੀਗੜ੍ਹ, 22 ਅਕਤੂਬਰ (ਅਮਨਦੀਪ ਕੌਰ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਮੌੜ ਮੰਡੀ ਬੰਬ ਧਮਾਕੇ ਦੀ ਜਲਦ ਤੋਂ ਜਲਦ ਜਾਂਚ ਪੂਰੀ ਕਰਨ ਦਾ ਦਾਅਵਾ ਕੀਤਾ ਸੀ | ਇਹ ਮਾਮਲਾ ਕਾਫ਼ੀ ਲੰਬੇ ਸਮੇਂ ਤੋਂ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਚਲ ਰਿਹਾ ਹੈ | ਇਸ ਮਾਮਲੇ ਦੀ ਜਾਂਚ ਲਈ ਪਹਿਲਾਂ ਬਣਾਈ ਗਈ ਸਿੱਟ ਨੂੰ ਰੱਦ ਕਰ ਦਿਤਾ ਗਿਆ ਸੀ ਅਤੇ ਫਿਰ ਨਵੀਂ ਸਿੱਟ ਦਾ ਗਠਨ ਕੀਤਾ ਗਿਆ ਸੀ | ਇਸ ਤੋਂ ਬਾਅਦ ਕੇਸ ਨੂੰ ਬੰਦ ਕਰ ਦਿਤਾ ਗਿਆ | ਇਸ ਕੇਸ ਸਬੰਧੀ ਨਵੀਂ ਅਰਜ਼ੀ ਦਾਇਰ ਕੀਤੀ ਗਈ, ਜੋ ਅਜੇ ਵੀ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਪੈਂਡਿੰਗ ਹੈ |
ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਵਕੀਲ ਰਵਨੀਤ ਜੋਸ਼ੀ ਨੇ ਦਸਿਆ ਕਿ 31 ਜਨਵਰੀ 2017 ਨੂੰ ਮੌੜ ਮੰਡੀ ਧਮਾਕਾ ਹੋਇਆ ਸੀ | ਇਸ ਤੋਂ ਕਰੀਬ ਇਕ ਸਾਲ ਬਾਅਦ ਜਾਂਚ ਵਿਚ ਪ੍ਰਗਟਾਵਾ ਹੋਇਆ ਸੀ ਕਿ ਉਹ ਕਾਰ, ਡੇਰਾ ਮੁਖੀ ਦੀ ਕਾਰ ਵਰਕਸ਼ਾਪ ਵਿਚ ਤਿਆਰ ਕੀਤੀ ਗਈ ਸੀ | ਇਸ ਤੋਂ ਇਲਾਵਾ ਜਿਨ੍ਹਾਂ ਨੇ ਧਮਾਕਾ ਕੀਤਾ ਸੀ, ਉਹ ਵੀ ਸੌਦਾ ਸਾਧ ਦੇ ਸਮਰਥਕ ਸਨ |
ਰਵਨੀਤ ਜੋਸ਼ੀ ਨੇ ਕਿਹਾ ਕਿ ਮੌੜ ਬੰਬ ਧਮਾਕਾ ਸੌਦਾ ਸਾਧ ਦੀ ਸਾਜ਼ਸ਼ ਸੀ | ਬੇਅਦਬੀ ਮਾਮਲੇ ਅਤੇ ਕਤਲ-ਬਲਾਤਕਾਰ ਦੇ ਕੇਸਾਂ ਤੋਂ ਬਚਣ ਲਈ ਸੌਦਾ ਸਾਧ ਨੇ ਮੌੜ ਮੰਡੀ ਬੰਬ ਧਮਾਕਾ ਕਰਵਾਇਆ ਸੀ | ਉਨ੍ਹਾਂ ਕਿਹਾ ਕਿ ਇਹ ਚੋਣਾਂ ਤੋਂ ਪਹਿਲਾਂ ਦੀ ਸਿਆਸੀ ਸਾਜ਼ਸ਼ ਵੀ ਹੋ ਸਕਦੀ ਹੈ | ਰਵਨੀਤ ਜੋਸ਼ੀ ਦਾ ਕਹਿਣਾ ਹੈ ਕਿ 2018 ਤੋਂ ਬਾਅਦ ਜਾਂਚ ਬਿਲਕੁਲ ਰੁਕ ਗਈ | ਅੱਜ ਧਮਾਕੇ ਨੂੰ ਪੰਜ ਸਾਲ ਹੋ ਚੁੱਕੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਪੁਲਿਸ ਇਸ ਕੇਸ ਵਿਚ ਇਕ ਵੀ ਵਿਅਕਤੀ ਨੂੰ ਗਿ੍ਫ਼ਤਾਰ ਨਹੀਂ ਕਰ ਸਕੀ | ਵਕੀਲ ਨੇ ਦਸਿਆ ਕਿ ਉਸ ਸਮੇਂ ਸਿੱਟ ਅਪਣੀ ਰਿਪੋਰਟ ਵਿਚ ਇਹ ਕਹਿੰਦੀ ਰਹੀ ਕਿ ਉਨ੍ਹਾਂ ਵਲੋਂ ਪਿੰਡਾਂ ਵਿਚ ਛਾਪੇਮਾਰੀ ਕੀਤੀ ਗਈ | ਪਰ ਅਮਰੀਕ, ਅਵਤਾਰ ਅਤੇ ਗੁਰਜੋਤ ਕਰੀਬ 20 ਸਾਲ ਤੋਂ ਪਿੰਡ ਛੱਡ ਕੇ ਡੇਰੇ ਵਿਚ ਰਹਿੰਦੇ ਸਨ | ਇਸ ਜ਼ਰੀਏ ਕੋਰਟ ਤੋਂ ਸੱਚ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ | ਇਸ ਤੋਂ ਸਾਫ਼ ਹੁੰਦਾ ਹੈ ਕਿ ਗ੍ਰਹਿ ਮੰਤਰੀ ਦਾ ਬਿਆਨ ਬਿਲਕੁਲ ਸੱਚ ਹੈ | ਪੁਲਿਸ ਵਲੋਂ ਉਨ੍ਹਾਂ ਥਾਵਾਂ ਉਤੇ ਹੀ ਛਾਪੇਮਾਰੀ ਕੀਤੀ ਗਈ, ਜਿਥੇ ਉਹ ਬੰਦੇ ਕਦੀ ਮਿਲਣੇ ਹੀ ਨਹੀਂ ਸਨ |
ਇਸ ਤੋਂ ਬਾਅਦ ਅਦਾਲਤ ਨੇ ਸਿੱਟ ਨੂੰ ਬਦਲ ਦਿਤਾ ਅਤੇ ਉਨ੍ਹਾਂ ਨੂੰ ਜਾਂਚ ਖ਼ਤਮ ਕਰਨ ਅਤੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਦਿਤਾ ਸੀ | ਇਸ ਤੋਂ ਬਾਅਦ ਸਿੱਟ ਨੇ ਅਧੂਰਾ ਚਲਾਨ ਹਾਈ ਕੋਰਟ ਵਿਚ ਪੇਸ਼ ਕੀਤਾ ਸੀ ਅਤੇ ਗ਼ਲਤ ਜਾਣਕਾਰੀ ਦੇ ਕੇ ਮਾਮਲੇ ਨੂੰ ਖ਼ਤਮ ਕਰਵਾ ਲਿਆ |
ਰਵਨੀਤ ਜੋਸ਼ੀ ਨੇ ਦੱਸਿਆ ਕਿ ਉਸ ਤੋਂ ਬਾਅਦ ਉਹਨਾਂ ਨੇ ਅਦਾਲਤ ਵਿਚ ਰਿਵਿਊ ਪਟੀਸ਼ਨ ਪਾਈ ਸੀ, ਜੋ ਕਿ ਹੁਣ ਤੱਕ ਪੈਂਡਿੰਗ ਹੈ, ਜਿਸ ਦੀ ਸੁਣਵਾਈ 28 ਅਕਤੂਬਰ ਨੂੰ ਹੋਵੇਗੀ |
ਵਕੀਲ ਰਵਨੀਤ ਜੋਸ਼ੀ ਦਾ ਕਹਿਣਾ ਹੈ ਕਿ ਉਹਨਾਂ ਨੇ ਮੰਗ ਕੀਤੀ ਸੀ ਕਿ ਇਸ ਮਾਮਲੇ ਦੀ ਜਾਂਚ ਕੇਂਦਰੀ ਏਜੰਸੀ ਸੀਬੀਆਈ ਜਾਂ ਐਨਆਈਏ ਵਲੋਂ ਕਰਵਾਈ ਜਾਵੇ |