1 ਕੈਦੀ ਤੇ 1 ਅਣਪਛਾਤੇ ਵਿਅਕਤੀ ਖ਼ਿਲਾਫ਼ ਦਰਜ ਕੀਤਾ ਗਿਆ ਮਾਮਲਾ
ਕਪੂਰਥਲਾ- ਹਾਲਾਂਕਿ ਜੇਲ੍ਹਾਂ ਵਿਚੋਂ ਮੋਬਾਈਲ ਫੋਨ ਮਿਲਣਾ ਆਮ ਨਹੀਂ ਹੈ, ਇਸ ਦੇ ਬਾਵਜੂਦ ਕਪੂਰਥਲਾ ਜੇਲ੍ਹ ਮੋਬਾਈਲ ਫੋਨ ਆਦਿ ਮਿਲਣ ਦਾ ਸਿਲਸਿਲਾ ਰੁਕਣ ਦਾ ਨਾ ਨਹੀਂ ਲੈ ਰਿਹਾ ਜਿਸ ਕਾਰਨ ਇਹ ਜੇਲ੍ਹ ਅਕਸਰ ਹੀ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ।
ਹੁਣ ਕਪੂਰਥਲਾ ਦੀ ਕੇਂਦਰੀ ਜੇਲ੍ਹ 'ਚੋਂ ਮੁੜ 4 ਮੋਬਾਈਲ ਫ਼ੋਨ ਬਰਾਮਦ ਹੋਏ ਹਨ। ਇਹ ਬਰਾਮਦਗੀ ਅਚਾਨਕ ਕੀਤੀ ਤਲਾਸ਼ੀ ਦੌਰਾਨ ਹੋਈ ਹੈ, ਜਿਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੇ ਥਾਣਾ ਕੋਤਵਾਲੀ ਕਪੂਰਥਲਾ ਵਿਖੇ ਦੋ ਵੱਖ-ਵੱਖ ਕੇਸ ਦਰਜ ਕਰਵਾਏ ਹਨ ਅਤੇ ਜਿਨ੍ਹਾਂ ਵਿਚੋਂ ਇਕ ਯੂਪੀ ਦੇ ਵਸਨੀਕ ਵਿਅਕਤੀ ਖ਼ਿਲਾਫ਼ ਅਤੇ ਦੂਜਾ ਇੱਕ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ।
ਤੁਹਾਨੂੰ ਦੱਸ ਦਈਏ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਇਕ ਬੈਰਕ ਦੀ ਤਲਾਸ਼ੀ ਕੀਤੀ ਜਾ ਰਹੀ ਸੀ, ਇਸ ਦੌਰਾਨ ਆਰੋਪੀ ਪਾਸੋਂ MI ਦਾ Mobile Phone ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਬੈਰਕ ਦੇ ਬਾਥਰੂਮ ’ਚ ਪਏ ਡਸਟਬਿਨ ਵਿੱਚੋਂ ਲਾਵਾਰਸ ਹਾਲਤ ਵਿੱਚ ਇੱਕ Vivo ਕੰਪਨੀ ਦਾ ਟੱਚ ਸਕਰੀਨ ਮੋਬਾਇਲ ਫ਼ੋਨ ਬਰਾਮਦ ਕੀਤਾ ਗਿਆ। ਇਸ ਦੇ ਨਾਲ ਹੀ ਇੱਕ ਸੈੱਲ ਦੇ ਬਾਥਰੂਮ ਵਾਲੇ ਪਾਣੀ ਦੀ ਨਿਕਾਸੀ ਵਾਲੀ ਪਾਈਪ ਵਿੱਚੋਂ NLJD ਦੀ ਮਦਦ ਨਾਲ ਤਲਾਸ਼ੀ ਕਰਨ ’ਤੇ ਉਸ ਵਿੱਚੋਂ ਲਾਵਾਰਸ ਹਾਲਤ ਵਿਚ REDMI ਕੰਪਨੀ ਦਾ MOBILE PHONE ਤੇ ਏਅਰਟੈਲ ਦਾ ਸਿਮ ਕਾਰਡ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਲਾਸ਼ੀ ਦੇ ਦੌਰਾਨ ਇੱਕ ACE ਕੰਪਨੀ ਦਾ ਵੀ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ।
ਮਾਮਲੇ ਨੂੰ ਲੈ ਕੇ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਦੀ ਸ਼ਿਕਾਇਤ ਦੇ ਅਧਾਰ 'ਤੇ 52-ਏ ਪ੍ਰਿਜ਼ਨ ਐਕਟ ਦੇ ਤਹਿਤ ਦੋ ਵੱਖ-ਵੱਖ ਮੁਕੱਦਮੇ ਦਰਜ ਕਰ ਲਏ ਹਨ। ਜਿਨ੍ਹਾਂ ਵਿਚੋਂ ਇੱਕ ਮਾਮਲੇ 'ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਤੇ ਦੂਜੇ ਮਾਮਲੇ 'ਚ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਹੈ, ਜੋ ਕਿ ਫਿਲਹਾਲ ਜੇਲ੍ਹ ਵਿਚ ਬੰਦ ਹੈ।