
Punjab News: ਕੰਨਾਂ ਦੀਆਂ ਵਾਲੀਆਂ ਖੋਹ ਕੇ ਹਮਲਾਵਰ ਹੋਏ ਫ਼ਰਾਰ
Punjab News: ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸੈਰ ਕਰਨ ਗਈ ਪੰਜਾਬ ਪੁਲਿਸ ਦੇ ਏਐਸਆਈ ਦੀ ਪਤਨੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਉਸ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ।
ਜ਼ਖ਼ਮੀ ਔਰਤ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੇ ਹੱਥ ਦਾ ਅਪਰੇਸ਼ਨ ਕੀਤਾ ਜਾ ਰਿਹਾ ਹੈ।
ਏਐਸਆਈ ਨੇ ਦੱਸਿਆ ਕਿ ਇਹ ਘਟਨਾ ਸਵੇਰੇ 6.30 ਵਜੇ ਵਾਪਰੀ ਜਦੋਂ ਉਹ ਸੈਰ ਕਰ ਕੇ ਵਾਪਸ ਪਿੰਡ ਆ ਰਹੀਆਂ ਸਨ। ਘਰ ਤੋਂ ਮਹਿਜ਼ 50 ਮੀਟਰ ਦੀ ਦੂਰੀ 'ਤੇ ਮੋਟਰਸਾਈਕਲ 'ਤੇ ਆਏ ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫ਼ਰਾਰ ਹੋ ਗਏ।
ਜ਼ਖ਼ਮੀ ਔਰਤ ਦੀ ਪਛਾਣ ਪਰਮਜੀਤ ਕੌਰ ਵਾਸੀ ਲੁਬਾਣਗੜ੍ਹ ਵਜੋਂ ਹੋਈ ਹੈ। ਲੁਟੇਰੇ ਨੇ ਪਹਿਲਾਂ ਪਰਮਜੀਤ ਕੌਰ ਦੀ ਬਾਂਹ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਅਤੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ। ਉਸ ਦੇ ਕੰਨਾਂ 'ਚੋਂ ਖੂਨ ਵਗਣ ਲੱਗਾ ਅਤੇ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਪਲੈਂਡਰ ਮੋਟਰਸਾਈਕਲ 'ਤੇ ਇਕੱਲੇ ਭੱਜ ਰਹੇ ਮੁਲਜ਼ਮ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਗੁਰਨਾਮ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਖੁਦ ਮੁੱਲਾਪੁਰ 'ਚ ਤਾਇਨਾਤ ਹੈ ਅਤੇ ਉਸ ਨੇ ਕਈ ਗੈਂਗਸਟਰਾਂ ਅਤੇ ਸ਼ਰਾਰਤੀ ਅਨਸਰਾਂ 'ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ ਵੀ ਭੇਜਿਆ ਹੈ, ਇਹ ਕੋਈ ਟਾਰਗੇਟ ਵੀ ਹੋ ਸਕਦਾ ਹੈ। ਕਿਉਂਕਿ ਉਸ ਦੀ ਪਤਨੀ ਦਾ ਲੁੱਟ ਦੇ ਨਾਲ-ਨਾਲ ਗਲਾ ਵੱਢਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਨੇ ਅਚਾਨਕ ਹੱਥ ਅੱਗੇ ਕਰ ਲਿਆ ਜਿਸ ਕਾਰਨ ਉਸ ਦੇ ਹੱਥ ਉੱਤੇ ਡੂੰਘੀ ਸੱਟ ਲਈਗੀ ਹੈ। ਇਸ ਸਮੇਂ ਉਸ ਦੀ ਪੀਜੀਆਈ ਵਿਚ ਪਲਾਸਟਿਕ ਸਰਜਰੀ ਚੱਲ ਰਹੀ ਹੈ।
ਭਾਵੇਂ ਇਸ ਪੂਰੇ ਮਾਮਲੇ ਵਿੱਚ ਵੱਖ-ਵੱਖ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਬਲਾਕ ਮਾਜਰੀ ਵਿੱਚ ਮਾਮਲਾ ਦਰਜ ਕਰ ਕੇ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।