
ਦਫਤਰ ਅੰਦਰ ਪੱਖੇ ਨਾਲ ਲਟਕਦੀ ਮਿਲੀ ਲਾਸ਼
ਲੁਧਿਆਣਾ: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਪ੍ਰਾਪਰਟੀ ਡੀਲਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪ੍ਰਾਪਰਟੀ ਡੀਲਰ ਨੇ ਆਪਣੇ ਦਫਤਰ 'ਚ ਪੱਖੇ ਨਾਲ ਫਾਹਾ ਲੈ ਲਿਆ। ਫਾਹਾ ਲਾਉਣ ਤੋਂ ਪਹਿਲਾਂ ਦਫਤਰ ਦਾ ਸ਼ਟਰ ਵੀ ਹੇਠਾਂ ਖਿੱਚ ਲਿਆ ਗਿਆ। ਇਸ ਤੋਂ ਬਾਅਦ ਵਿਅਕਤੀ ਨੇ ਛੱਤ ਵਾਲੇ ਪੱਖੇ ਦੀ ਹੁੱਕ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਘਟਨਾ ਥਾਣਾ ਫੋਕਲ ਪੁਆਇੰਟ ਦੇ ਜਮਾਲਪੁਰ ਇਲਾਕੇ ਦੀ ਐਚ.ਈ ਕਲੋਨੀ ਦੀ ਹੈ। ਮ੍ਰਿਤਕ ਦੀ ਪਛਾਣ ਹਰਜੀਤ ਅਰੋੜਾ ਵਜੋਂ ਦੱਸੀ ਜਾ ਰਹੀ ਹੈ। ਸਵੇਰੇ ਜਦੋਂ ਕੋਈ ਉਹਨਾਂ ਨੂੰ ਮਿਲਣ ਆਇਆ ਤਾਂ ਉਹਨਾਂ ਨੇ ਸ਼ਟਰ ਡਾਊਨ ਦੇਖਿਆ। ਜਦੋਂ ਦਫ਼ਤਰ ਦਾ ਸ਼ਟਰ ਖੋਲ੍ਹਿਆ ਤਾਂ ਹਰਜੀਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।
ਲੋਕਾਂ ਨੇ ਤੁਰੰਤ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੂੰ ਸੂਚਨਾ ਦਿੱਤੀ। ਇਲਾਕਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਪ੍ਰਾਪਰਟੀ ਡੀਲਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਅਨੁਸਾਰ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।