ਗਿਰੋਹ ਦੇ 3 ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਣੇ ਕੀਤਾ ਕਾਬੂ
ਫਰੀਦਕੋਟ: ਡਾ. ਪ੍ਰਗਿਆ ਜੈਨ ਆਈ.ਪੀ.ਐਸ. ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ. (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਤਰਲੋਚਨ ਸਿੰਘ ਡੀ.ਐਸ.ਪੀ. (ਸ.ਡ) ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਥਾਣਾ ਸਿਟੀ-2 ਫਰੀਦਕੋਟ ਵੱਲੋਂ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 3 ਮੈਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ।
ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਸਾਹਿਲ ਉਰਫ ਕਾਲੂ (ਵਾਸੀ ਸੰਜੇ ਨਗਰ), ਮਾਈਕਲ ਮਸੀਹ ਉਰਫ ਹੈਰੀ (ਵਾਸੀ ਗੁਰੂ ਅਰਜਨ ਦੇਵ ਨਗਰ, ਫਰੀਦਕੋਟ) ਅਤੇ ਸੂਰਜ ਉਰਫ ਹੈਰੀ (ਵਾਸੀ ਜੋਤ ਰਾਮ ਕਲੋਨੀ, ਫਰੀਦਕੋਟ) ਵਜੋਂ ਹੋਈ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਪਾਸੋਂ 01 ਕ੍ਰਿਪਾਨ, 01 ਕਿਰਚ ਅਤੇ 01 ਨਲਕੇ ਦੀ ਹੱਥੀ ਬਰਾਮਦ ਕੀਤੀ ਗਈ ਹੈ।
ਜਾਣਕਾਰੀ ਮੁਤਾਬਿਕ ਥਾਣੇਦਾਰ ਸੁਖਰਦਸ਼ਨ ਕੁਮਾਰ ਮੁੱਖ ਅਫਸਰ ਥਾਣਾ ਸਿਟੀ-2 ਫਰੀਦਕੋਟ ਦੀ ਨਿਗਰਾਨੀ ਹੇਠ 22 ਨਵੰਬਰ ਨੂੰ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆ ਦੀ ਚੈਕਿੰਗ ਕਰ ਰਹੇ ਸਨ ਤਾਂ ਉਹਨਾ ਨੂੰ ਇੱਕ ਸੂਚਨਾ ਮਿਲੀ ਕਿ ਉਕਤ ਸਾਰੇ ਦੋਸ਼ੀ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਲੋਕਾਂ ਨੂੰ ਡਰਾ ਧਮਕਾ ਕੇ ਲੁੱਟਾਂ ਖੋਹਾਂ ਕਰਦੇ ਹਨ ਅਤੇ ਜੋ ਅੱਜ ਵੀ ਏਰੀਆ ਵਿੱਚ ਘੁੰਮ ਰਹੇ ਹਨ।
ਸੂਚਨਾ ਦੇ ਅਧਾਰ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਵੱਲੋਂ ਇਹਨਾ ਸਾਰੇ ਦੋਸ਼ੀਆਂ ਨੂੰ ਜਹਾਜ ਗਰਾਊਂਡ ਦੇ ਨਜਦੀਕ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ, ਜਦ ਉਹ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਪਾਰਟੀ ਵੱਲੋਂ ਮੌਕੇ ’ਤੇ ਇਹਨਾ ਪਾਸੋਂ ਤੇਜਧਾਰ ਹਥਿਆਰ ਵੀ ਬਰਾਮਦ ਕੀਤੇ ਹਨ।
ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮਕੱਦਮਾ ਨੰਬਰ 481 ਮਿਤੀ 22.11.2025 ਅ/ਧ 111(2) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਇਥੇ ਇਹ ਵੀ ਦੱਸਣਯੋਗ ਹੈ ਕਿ ਜਦ ਇਹਨਾ ਦੋਸ਼ੀਆਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਵਿੱਚ ਸ਼ਾਮਿਲ 2 ਦੋਸ਼ੀਆਂ ਖਿਲਾਫ ਪਹਿਲਾਂ ਵੀ ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ 2 ਮਾਮਲੇ ਦਰਜ ਰਜਿਸਟਰ ਹਨ।
ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜ਼ਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।
