
ਕਿਸਾਨ ਅਤੇ ਜਵਾਨ ਦਾ ਅਪਮਾਨ ਕਰਨਾ ਬੰਦ ਕਰੇ ਮੋਦੀ ਸਰਕਾਰ- 'ਆਪ':
ਚੰਡੀਗੜ੍ਹ: ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਹੇ ਦੇਸ਼ ਦੇ ਅੰਨਦਾਤਾ ਪ੍ਰਤੀ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਆਗੂਆਂ ਅਤੇ ਹੋਰਨਾਂ ਵੱਲੋਂ ਕੀਤੀਆਂ ਜਾ ਰਹੀ ਘਟੀਆ ਬਿਆਨਬਾਜ਼ੀ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਖਤ ਨੋਟਿਸ ਲੈਂਦੇ ਹੋਏ ਨਿਖੇਧੀ ਕੀਤੀ। ਕਿਸਾਨਾਂ ਪ੍ਰਤੀ ਕੂੜ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਵੱਲੋਂ ਇਤਰਾਜ਼ ਚੁੱਕੇ ਜਾ ਰਹੇ ਸਨ ਅਤੇ ਓੁਹਨਾ ਨੂੰ ਅਦਾਲਤ ਵਿੱਚ ਖਿੱਚਣ ਦੀ ਤਿਆਰੀ ਕੀਤੀ ਜਾ ਰਹੀ ਸੀ।
Bhagwant Mann
ਇਸ ਸੰਬੰਧੀ ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ ਨਾਲ ਵੀ ਰਾਬਤਾ ਸਾਧਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਕਿ ਉਹ ਕਿਸਾਨਾਂ ਖਿਲਾਫ ਗਲਤ ਬਿਆਨਬਾਜੀ ਕਰਨ ਵਾਲੇ ਆਗੂਆਂ ਅਤੇ ਵਿਅਕਤੀਆਂ ਖ਼ਿਲਾਫ਼ ਮਾਨਹਾਨੀ ਦੀ ਕਾਰਵਾਈ ਕਰਨ ਵਿੱਚ ਕਿਸਾਨਾਂ ਦੀ ਹਰ ਸੰਭਵ ਕਾਨੂੰਨੀ ਮਦਦ ਕਰੇਗੀ।
Aam Aadmi Party
ਸੰਗਰੂਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਸਰਕਾਰ ਦੇ ਨਵੇਂ ਕਾਲੇ ਕਾਨੂੰਨਾਂ ਖਿਲਾਫ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਹੈ ਉਦੋਂ ਤੋਂ ਹੀ ਸਿਆਸੀ ਆਗੂ ਦਿਨ-ਰਾਤ ਕਿਸਾਨਾਂ ਵਿਰੁੱਧ ਕੂੜ ਪ੍ਰਚਾਰ ਕਰਦੇ ਹੋਏ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਕਿਸਾਨ ਅੱਤਵਾਦੀ ਹੋਣ।
Farmer Protest
ਉਨ੍ਹਾਂ ਕਿਹਾ ਕਿ ਸਾਡੇ ਅੰਨਦਾਤਾ ਲਈ ਅਜਿਹੀਆਂ ਟਿੱਪਣੀਆਂ ਸੁਣਕੇ ਦਿਲ ਨੂੰ ਬਹੁਤ ਦੁੱਖ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੁੜ ਪ੍ਰਚਾਰ ਸੁਣਕੇ ਖੁਦ ਕਿਸਾਨਾਂ ਦੇ ਮਨਾਂ ਉੱਤੇ ਕੀ ਬੀਤਦੀ ਹੋਵੇਗੀ ਜੋ ਕੜਾਕੇ ਦੀ ਠੰਢ 'ਚ ਖੁੱਲ੍ਹੇ ਅਸਮਾਨ ਹੇਠ ਅੰਦੋਲਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਅਤੇ ਪਾਰਟੀ ਆਗੂਆਂ ਕੋਲ ਵੱਡੀ ਗਿਣਤੀ ਕਿਸਾਨਾਂ ਦੇ ਫੋਨ ਆ ਰਹੇ ਸਨ ਤਾਂ ਪਾਰਟੀ ਨੇ ਫੈਸਲਾ ਕੀਤਾ ਹੈ।
ਜਿਸ ਤਰ੍ਹਾਂ ਪਾਰਟੀ ਪਹਿਲਾਂ ਤੋਂ ਹੀ ਕਿਸਾਨ ਅੰਦੋਲਨ 'ਚ ਕਿਸਾਨਾਂ ਨਾਲ ਡੱਟੀ ਹੋਈ ਹੈ, ਉਸੇ ਤਰ੍ਹਾਂ ਹੀ ਕਿਸਾਨਾਂ ਵਿਰੁੱਧ ਝੂਠੀ ਅਤੇ ਗਲਤ ਬਿਆਨਬਾਜ਼ੀ ਕਰਨ ਵਾਲਿਆਂ ਵਿਰੁੱਧ ਮਾਨਹਾਨੀ ਦਾ ਕੇਸ ਲੜਨ ਲਈ ਕਿਸਾਨਾਂ ਦਾ ਸਾਥ ਦੇਵੇਗੀ। ਉਨ੍ਹਾਂ ਕਿਹਾਕਿ ਇਸ ਸਬੰਧੀ ਆਮ ਆਦਮੀ ਪਾਰਟੀ ਆਪਣੇ ਪੱਧਰ 'ਤੇ ਪਾਰਟੀ ਦੇ ਵਕੀਲ ਸਾਥੀਆਂ ਨਾਲ ਸਲਾਹ ਮਸ਼ਵਰਾ ਕਰਕੇ ਕਿਸਾਨਾਂ ਦੀ ਹਰ ਸੰਭਵ ਮਦਦ ਕਰੇਗੀ।
Mukesh Ambani and Gautam Adani
ਮਾਨ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਅਡਾਨੀ-ਅੰਬਾਨੀ ਤੋਂ ਜ਼ਮੀਨ ਬਚਾਉਣ ਲਈ ਅੰਦੋਲਨ ਕਰਦੇ ਸਮੇਂ ਹੁਣ ਤੱਕ 26 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਬੜੇ ਹੀ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਦਾ ਪੇਟ ਭਰਨ ਵਾਲਾ ਸਾਡਾ ਅੰਨਦਾਤਾ ਕਿਸਾਨ ਦਿਵਸ ਮੌਕੇ ਆਪਣੇ ਹੱਕਾਂ ਲਈ ਇਕ ਸਮੇਂ ਦਾ ਖਾਣਾ ਛੱਡਕੇ ਭੁੱਖ ਹੜਤਾਲ ਕਰ ਰਿਹਾ ਹੈ। ਅੱਜ ਦੇਸ਼ ਦਾ ਕਿਸਾਨ ਜਦੋਂ ਆਪਣੇ ਹੱਕਾਂ ਲਈ ਅੰਦੋਲਨ ਕਰ ਰਿਹਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਪੋਰੇਟ ਘਰਾਣਿਆਂ ਦੇ ਵਿਚੋਲੇ ਵਜੋਂ ਝੂਠ ਦਾ ਪ੍ਰਚਾਰ ਕਰ ਰਿਹਾ ਹੈ।
Narendra Modi
ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਝੂਠਾ ਪ੍ਰਚਾਰ ਕਰਦੀ ਹੋਏ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਛੱਡਦੀ ਹੋਈ ਕਿਸਾਨਾਂ ਦੀਆਂ ਮੰਗਾਂ ਮੰਨੇ ਅਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਲਿਆਂਦੇ ਗਏ ਤਿੰਨੇ ਕਾਨੂੰਨ ਤੁਰੰਤ ਰੱਦ ਕਰੇ।