
ਦੇਸ਼ ਭਰ ਵਿਚ 11-11 'ਅੰਨਦਾਤਾਵਾਂ' ਨੇ ਸਾਰਾ ਦਿਨ ਭੁੱਖੇ ਰਹਿ ਕੇ ਗੁਜ਼ਾਰੀ
ਕੇਂਦਰ ਦੇ ਸੱਦੇ ਤੇ ਅੱਜ ਪੰਜਾਬ ਦੀਆਂ ਜਥੇਬੰਦੀਆਂ ਨੇ ਵਿਚਾਰ ਕੀਤੀ, ਕਲ ਰਾਸ਼ਟਰੀ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਅੰਤਮ ਫ਼ੈਸਲਾ ਲਿਆ ਜਾਵੇਗਾ
ਦਿੱਲੀ, 22 ਦਸੰਬਰ : ਅੱਜ ਕਿਸਾਨ ਲੀਡਰਾਂ ਦੇ 11-11 ਦੇ ਜਥਿਆਂ ਨੇ ਦੇਸ਼ ਭਰ ਵਿਚ ਭੁੱਖੇ ਰਹਿ ਕੇ ਅਰਥਾਤ ਭੁੱਖ ਹੜਤਾਲ ਰੱਖ ਕੇ ਅਪਣੇ ਨਵੇਂ ਪ੍ਰੋਗਰਾਮ ਨੂੰ ਅਮਲੀ ਜਾਮਾ ਪਹਿਨਾਇਆ | ਕਲ 23 ਨੂੰ ਸਾਰੇ ਦੇਸ਼ ਵਿਚ ਕਰੋੜਾਂ ਲੋਕ ਦਿਨ ਵਿਚ ਇਕ ਖਾਣਾ ਨਹੀਂ ਖਾਣਗੇ | ਇਹ ਦਿਨ ਚੌਧਰੀ ਚਰਨ ਦਾ ਜਨਮ ਦਿਨ ਹੋਣ ਕਰ ਕੇ ਕਿਸਾਨ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ | ਇਸ ਦਿਨ ਇਕ ਖਾਣੇ ਦਾ ਤਿਆਗ ਕਰ ਕੇ ਕਿਸਾਨ ਹਮਾਇਤੀ ਲੋਕ, ਕੇਂਦਰ ਨੂੰ ਇਹ ਸੁਨੇਹਾ ਦੇਣਗੇ ਕਿ ਉਹ ਅੰਨਦਾਤਾ ਪ੍ਰਤੀ ਕਠੋਰ ਰਵਈਏ ਤੋਂ ਦੁਖੀ ਹਨ |
ਕੇਂਦਰ ਵਲੋਂ ਗੱਲਬਾਤ ਦੇ ਸੱਦੇ ਨੂੰ ਲੈ ਕੇ ਕਿਸਾਨ ਧਿਰਾਂ ਵਿਚ ਥੋੜੇ ਵਖਰੇ ਵਿਚਾਰ ਵੀ ਵੇਖੇ ਗਏ ਪਰ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਸਾਰੇ ਇਕਮਤ ਹਨ | ਕਈ ਜ਼ਿਆਦਾ ਗਰਮ ਧੜੇ ਤਿੰਨ ਕਾਲੇ ਕਾਨੂੰਨ ਰੱਦ ਹੋਣ ਤਕ ਗੱਲਬਾਤ ਵਿਚ ਜਾਣ ਤੋਂ ਨਾਂਹ ਕਰ ਦੇਣ ਦੇ ਹਮਾਇਤੀ ਹਨ ਜਦਕਿ ਦੂਜੇ ਚਾਹੁੰਦੇ ਹਨ ਕਿ ਅਪਣੀ ਮੰਗ ਉਤੇ ਮਜ਼ਬੂਤੀ ਨਾਲ ਕਾਇਮ ਰਹਿ ਕੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ |
ਇਸ ਨਾਲ ਹੀ ਕਿਸਾਨ ਲੀਡਰਾਂ ਨੇ ਅੱਜ ਦੀ ਮੀਟਿੰਗ ਵਿਚ ਕੁੱਝ ਨਵੇਂ ਪ੍ਰੋਗਰਾਮ ਵੀ ਤੈਅ ਕੀਤੇ ਜੋ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨਗੇ | ਅੱਜ ਹੋਈ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿਚ ਹੋਏ ਹੋਰ ਫ਼ੈਸਲਿਆਂ ਬਾਰੇ ਇਸ ਦੀ ਪ੍ਰਧਾਨਗੀ ਕਰਨ ਵਾਲੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਕੁਲਵੰਤ ਸਿੰਘ ਸੰਧੂ ਨੇ ਦਸਿਆ ਕਿ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਅਤੇ ਮਾਤਾ ਗੁਜਰੀ ਜੀ ਦੇ ਦਿਹਾੜੇ 23, 25 ਤੇ 26 ਦਸੰਬਰ ਨੂੰ ਸਿੰਘੂ ਤੇ ਟਿਕਰੀ ਬਾਰਡਰ ਤੇ ਹੋਰ ਪ੍ਰਮੁੱਖ ਸੰਘਰਸ਼ ਕੇਂਦਰਾਂ 'ਤੇ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ | ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਦਿਹਾੜੇ ਕਿਸਾਨਾਂ ਨੂੰ ਹੋਰ ਹੌਾਸਲਾ ਦੇਣਗੇ | ਇਹ ਦਿਹਾੜੇ ਮਨਾਉਣ ਲਈ ਪ੍ਰਸਿੱਧ ਕੀਰਤਨੀ ਤੇ ਢਾਡੀ ਜਥਿਆਂ ਤੇ ਕਥਾਵਾਚਕਾਂ ਤੋਂ ਇਲਾਵਾ ਨਾਮਵਰ ਲੇਖਕਾਂ ਤੇ ਸਾਹਿਤਕਾਰਾਂ ਨੂੰ ਵੀ ਇਸ ਮੌਕੇ ਸੱਦਿਆ ਜਾਵੇਗਾ | 26 ਜਨਵਰੀ ਮੌਕੇ ਨਵੀਂ ਦਿੱਲੀ ਵਿਚ ਹੋਣ ਵਾਲੇ ਸਮਾਰੋਹ ਵਿਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਉਸ ਸਮੇਂ ਤਕ ਭਾਰਤ ਨਾ ਆਉਣ ਦੀ ਅਪੀਲ ਕੀਤੀ ਗਈ ਜਦ ਤਕ ਕਿਸਾਨ ਮਸਲਾ ਹੱਲ ਨਹੀਂ ਹੁੰਦਾ | ਇੰਗਲੈਂਡ ਦੇ ਪੰਜਾਬੀ ਤੇ ਹੋਰ ਸਮਰਥਕ ਸਾਂਸਦਾਂ ਨੂੰ ਵੀ ਇਹ ਦੌਰਾ ਕਰਨਲਈ ਉਥੋਂ ਦੇ ਪ੍ਰਧਾਨ ਮੰਤਰੀ 'ਤੇ ਦਬਾਅ ਬਣਾਉਣ ਦੀ ਅਪੀਲ ਵੀ ਕੀਤੀ ਗਈ | ਮੀਟਿੰਗ ਵਿਚ ਇਸ ਗੱਲ 'ਤੇ ਵੀ ਸਹਿਮਤੀ ਹੋਈ ਕਿ ਛੇਤੀ ਹੀ ਦਿੱਲੀ
ਦੀਆਂ ਸਾਰੀਆਂ ਸਰਹੱਦਾਂ ਸੀਲ ਕੀਤੀਆਂ ਜਾਣ | 25, 26 ਤੇ 27 ਨੂੰ ਪਹਿਲਾਂ ਹੀ ਐਲਾਨੇ ਹਰਿਆਣਾ ਵਿਚ ਪੂਰੀ ਤਰ੍ਹਾਂ ਟੋਲ ਫ਼ਰੀ ਕਰਨ, 26 ਤੇ 27 ਨੂੰ ਦੁਨੀਆਂ ਭਰ ਵਿਚ ਹੋਰ ਦੇਸ਼ਾਂ ਦੇ ਦੂਤਾਵਾਸਾਂ ਅੱਗੇ ਰੋਸ ਮੁਜ਼ਾਹਰਿਅ!ਾਂ, 25 ਤੋਂ 27 ਤਕ ਹੀ ਐਨ.ਡੀ.ਏ. ਦੇ ਭਾਈਵਾਲ ਸਾਂਸਦਾ ਤੇ ਆਗੂਆਂ ਨੂੰ ਚੇਤਾਵਨੀ ਪੱਤਰ ਦੇਣ ਅਤੇ 27 ਨੂੰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦੇ ਵਿਰੋਧ ਦੇ ਐਕਸ਼ਨਾਂ ਦੀ ਸਫ਼ਲਤਾ ਲਈ ਵੀ ਤਿਆਰੀਆਂ ਤੇਜ਼ ਕਰਨ ਦਾ ਸੱਦਾ ਦਿਤਾ ਹੈ |