
ਦਿੱਲੀ ਦੰਗੇ : ਇਸ਼ਰਤ ਜਹਾਂ ਨੇ ਜੇਲ ’ਚ ਕੁੱਟਮਾਰ ਦੇ ਲਗਾਏ ਦੋਸ਼
ਨਵੀਂ ਦਿੱਲੀ, 22 ਦਸੰਬਰ : ਉਤਰ ਪੂਰਬੀ ਦਿੱਲੀ ’ਚ ਹੋਏ ਦੰਗਿਆਂ ਦੇ ਸਿਲਸਿਲੇ ’ਚ ਸਖ਼ਤ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ ਦੇ ਅਧੀਨ ਗਿ੍ਰਫ਼ਤਾਰ ਸਾਬਕਾ ਕਾਂਗਰਸ ਕੌਂਸਲਰ ਇਸ਼ਰਤ ਜਹਾਂ ਨੇ ਮੰਗਲਵਾਰ ਨੂੰ ਇਥੇ ਇਕ ਕੋਰਟ ਦੇ ਸਾਹਮਣੇ ਕੈਦੀਆਂ ਵਲੋਂ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਇਸ਼ਰਤ ਜਹਾਂ ਨੇ ਕਿਹਾ ਕਿ ਮੰਡੋਲੀ ਜੇਲ ’ਚ ਕੈਦੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਲਗਾਤਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਡੀਸ਼ਨਲ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਜੇਲ ਅਧਿਕਾਰੀਆਂ ਨੂੰ ਇਸ਼ਰਤ ਦੀ ਸੁਰੱਖਿਆ ਯਕੀਨੀ ਕਰਨ ਲਈ ਤੁਰੰਤ ਕਦਮ ਚੁੱਕਣ ਦਾ ਨਿਰਦੇਸ਼ ਦਿਤਾ। ਕੋਰਟ ਨੇ ਜੇਲ ਅਧਿਕਾਰੀਆਂ ਤੋਂ ਬੁਧਵਾਰ ਨੂੰ ਪੂਰੀ ਰੀਪੋਰਟ ਦੇਣ ਅਤੇ ਦੱਸਣ ਲਈ ਕਿਹਾ ਕਿ ਇਸ ਮੁੱਦੇ ਦੇ ਹੱਲ ਲਈ ਕੀ ਕਦਮ ਚੁੱਕੇ ਗਏ ਹਨ ਅਤੇ ਕੀ ਇਸ਼ਰਤ ਨੂੰ ਕਿਸੇ ਹੋਰ ਜੇਲ ’ਚ ਭੇਜਣ ਦੀ ਜ਼ਰੂਰਤ ਹੈ। ਜਦੋਂ ਕੋਰਟ ਨੇ ਮੰਡੋਲੀ ਜੇਲ ਦੀ ਸਹਾਇਕ ਸੁਪਰਡੈਂਟ ਤੋਂ ਪੁਛਿਆ ਕਿ ਕੀ ਅਜਿਹੀ ਕੋਈ ਘਟਨਾ ਹੋਈ ਹੈ ਤਾਂ ਉਨ੍ਹਾਂ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਜ਼ਰੂਰੀ ਕਦਮ ਚੁੱਕੇ ਗਏ ਹਨ। ਇਸ ’ਤੇ ਕੋਰਟ ਨੇ ਜੇਲ ਅਧਿਕਾਰੀ ਨੂੰ ਕਿਹਾ,‘‘ਇਸ਼ਰਤ ਪੂਰੀ ਤਰ੍ਹਾਂ ਨਾਲ ਡਰੀ ਹੋਈ ਹੈ। ਕਿ੍ਰਪਾ ਤੁਰੰਤ ਉਸ ਨਾਲ ਗੱਲ ਕਰੋ ਅਤੇ ਸਥਿਤੀ ਨੂੰ ਸਮਝੋ। ਉਸ ਦੇ ਡਰ ਨੂੰ ਦੂਰ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਪੂਰੀ ਰੀਪੋਰਟ ਦਾਇਰ ਕਰੋ।’’ ਜੱਜ ਨੇ ਜੇਲ ਅਧਿਕਾਰੀਆਂ ਨੂੰ ਵੀਡੀਉ ਕਾਨਫਰੰਸ ਰਾਹੀਂ ਜਹਾਂ ਨੂੰ ਬੁਧਵਾਰ ਨੂੰ ਕੋਰਟ ’ਚ ਪੇਸ਼ ਕਰਨ ਦਾ ਵੀ ਨਿਰਦੇਸ਼ ਦਿਤਾ। (ਪੀਟੀਆਈ)