
ਮਾਛੀਵਾੜਾ ਸਾਹਿਬ ਦੀ ਤਿੰਨ ਦਿਨਾ ਸਾਲਾਨਾ ਸਿੰਘ ਸਭਾ ਸ਼ੁਰੂ
ਸ੍ਰੀ ਝਾੜ ਸਾਹਿਬ ਤੋਂ ਪੁੱਜੇ ਨਗਰ ਕੀਰਤਨ ਦਾ ਨਿੱਘਾ ਸਵਾਗਤ
ਮਾਛੀਵਾੜਾ, 22 ਦਸੰਬਰ (ਭੂਸ਼ਣ ਜੈਨ): ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ ਵਿਚ ਮਾਛੀਵਾੜਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਲਗਦੀ ਤਿੰਨ ਦਿਨਾ ਸਿੰਘ ਸਭਾ ਅੱਜ ਸਵੇਰੇ ਅਖੰਡ ਪਾਠਾਂ ਦੀ ਲੜੀ ਨਾਲ ਸ਼ੁਰੂ ਹੋ ਗਈ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਪੁੱਜੇ ਅਤੇ ਸੰਗਤਾਂ ਵਲੋਂ ਗੁਰੂ ਸਾਹਿਬ ਦੀਆਂ ਇਤਿਹਾਸਕ ਨਿਸ਼ਾਨੀਆਂ ਪਵਿੱਤਰ ਜੰਡ ਸਾਹਿਬ ਜਿਸ ਹੇਠਾਂ ਗੁਰੂ ਜੀ ਨੇ ਟਿੰਡ ਦਾ ਸਿਰਹਾਣਾ ਲਗਾ ਕੇ ਆਰਾਮ ਕੀਤਾ ਅਤੇ ਉਹ ਖੂਹ ਜਿਸ ਦਾ ਮਿੱਠਾ ਜਲ ਗੁਰੂ ਸਾਹਿਬ ਨੇ ਛਕਿਆ ਆਦਿ ਦੇ ਵੀ ਦਰਸ਼ਨ ਕੀਤੇ।
ਸਿੰਘ ਸਭਾ ਦੀ ਆਰੰਭਤਾ ਮੌਕੇ ਹਰ ਸਾਲ ਦੀ ਤਰ੍ਹਾਂ ਇਤਿਹਾਸਕ ਗੁਰਦੁਆਰਾ ਸ੍ਰੀ ਝਾੜ ਸਾਹਿਬ ਤੋਂ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਇਆ ਜਿਸ ਦਾ ਮਾਛੀਵਾੜਾ ਪੁੱਜਣ ’ਤੇ ਬੀਬੀ ਹਰਜਤਿੰਦਰ ਕੌਰ ਪਵਾਤ, ਰਣਜੀਤ ਸਿੰਘ ਮੰਗਲੀ (ਦੋਵੇਂ ਸ਼੍ਰੋਮਣੀ ਕਮੇਟੀ ਮੈਂਬਰ), ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ, ਸੀਨੀਅਰ ਅਕਾਲੀ ਆਗੂ ਹਰਜਤਿੰਦਰ ਸਿੰਘ ਪਵਾਤ, ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਮੈਨੇਜਰ ਸਰਬਦਿਆਲ ਸਿੰਘ, ਸਾਬਕਾ ਮੈਨੇਜਰ ਗੁਰਮੀਤ ਸਿੰਘ ਕਾਹਲੋਂ, ਸਤਨਾਮ ਸਿੰਘ ਸਰਗਲੀ, ਗੁਰਦੇਵ ਸਿੰਘ ਸੱਭਰਵਾਲ, ਬਲਵਿੰਦਰ ਸਿੰਘ, ਸੁਰਜੀਤ ਸਿੰਘ, ਸੁਖਵੰਤ ਸਿੰਘ ਪਰਵਾਨਾ (ਸਾਰੇ ਇੰਸਪੈਕਟਰ), ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਗੁਰਮੇਲ ਸਿੰਘ ਬੈਨੀਪਾਲ, ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਹ ਨਗਰ ਕੀਰਤਨ ਪਿੰਡ ਪਵਾਤ, ਸਹਿਜੋ ਮਾਜਰਾ, ਰਤੀਪੁਰ ਵਿਖੇ ਸੰਗਤਾਂ ਨੂੰ ਦਰਸ਼ਨ ਦਿੰਦਾ ਹੋਇਆ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਪਹੁੰਚਿਆ। ਨਗਰ ਕੀਰਤਨ ’ਚ ਸ਼ਾਮਲ ਸੰਗਤ ਲਈ ਪਵਾਤ ਪਿੰਡ ਦੇ ਗੁਰਦੁਆਰਾ ਕੰਘਾ ਸਾਹਿਬ ਵਿਖੇ ਲੰਗਰ ਵੀ ਲਗਾਏ ਗਏ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਊਂਟੈਂਟ ਸੁਖਦੇਵ ਸਿੰਘ, ਖਜਾਨਚੀ ਜਸਵੀਰ ਸਿੰਘ, ਹਰਪਾਲ ਸਿੰਘ ਹੈੱਡ ਗ੍ਰੰਥੀ, ਭੁਪਿੰਦਰ ਸਿੰਘ, ਜਥੇ. ਕੁਲਦੀਪ ਸਿੰਘ ਜਾਤੀਵਾਲ, ਜਥੇ. ਹਰਜੀਤ ਸਿੰਘ ਸ਼ੇਰੀਆਂ, ਪਰਮਿੰਦਰ ਸਿੰਘ ਆਦਿ ਮੌਜੂਦ ਸਨ।