
ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦਾ ਮੈਨੇਜਰ ਅਤੇ ਗ੍ਰੰਥੀ ਕੀਤਾ ਮੁਅੱਤਲ
ਸਰਹਿੰਦ, 22 ਦਸੰਬਰ (ਅਮਰਬੀਰ ਸਿੰਘ ਚੀਮਾ): ਬੀਤੇ ਦਿਨ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ, ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਅਕਾਲ ਤਖ਼ਤ ਸਾਹਿਬ ਵਲੋਂ ਸਿੱਖ ਪੰਥ ਵਿਚੋਂ ਅਣਮਿਥੇ ਸਮੇਂ ਲਈ ਛੇਕੇ ਗਏ ਸੁੱਚਾ ਸਿੰਘ ਲੰਗਾਹ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ, ਉਸ ਨੂੰ ਸਿਰੋਪਾਉ ਪਾਉਣ ਅਤੇ ਚੌਰ ਸਾਹਿਬ ਦੀ ਸੇਵਾ ਕਰਵਾਉਣ ਦੇ ਦੋਸ਼ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰਵਾਈ ਕਰਦਿਆਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਮੈਨੇਜਰ ਕਰਮ ਸਿੰਘ ਅਤੇ ਇਕ ਗ੍ਰੰਥੀ ਨੂੰ ਮੁਅੱਤਲ ਕਰ ਦਿਤਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸਾਬਕਾ ਸਪੀਕਰ ਬੀਰ ਦਵਿੰਦਰ ਸਿੰਘ ਨੇ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਉਠਾਇਆ ਸੀ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਲਾੜਾ ਨੇ ਅਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਫ਼ਤਿਹਗੜ੍ਹ ਸਾਹਿਬ ਵਰਗੀ ਪਵਿੱਤਰ ਧਰਤੀ ’ਤੇ ਅਜਿਹਾ ਕਰਨਾ ਸ਼ਹੀਦਾਂ ਦਾ ਅਪਮਾਨ ਕਰਨ ਦੇ ਤੁਲ ਹੈ ਅਤੇ ਇਸ ਦੇ ਜ਼ਿੰਮੇਵਾਰ ਅਧਿਕਾਰੀਆਂ ਵਿਰੁਧ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਗਈ ਕਾਰਵਾਈ ਤੋਂ ਸੰਤੁਸ਼ਟ ਹਾਂ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਇਸ ਮਾਮਲੇ ’ਚ ਮੈਨੇਜਰ ਤੇ ਇਕ ਗ੍ਰੰਥੀ ਨੂੰ ਮੁਅੱਤਲ ਕੀਤਾ ਗਿਆ ਹੈ ਪਰ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਮਾਮਲੇ ਦੀ ਤੈਅ ਤਕ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿੰਨੀ ਮੰਦਭਾਗੀ ਤੇ ਸ਼ਰਮਨਾਕ ਗੱਲ ਹੈ ਕਿ ਸ਼ਹੀਦੀ ਦਿਹਾੜਿਆਂ ਮੌਕੇ ਅਜਿਹੀ ਕਾਰਵਾਈ ਕੀਤੀ ਹੈ ਜਿਸ ਕਾਰਨ ਸਾਰੇ ਗੁਰਮੁਖ ਪ੍ਰੇਮੀਆਂ ਨੂੰ ਬੇਹੱਦ ਦੁੁੱਖ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਇਸ ਸਬੰਧੀ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਇਸ ਸਬੰਧੀ ਕਰਨੈਲ ਸਿੰਘ ਪੰਜੋਲੀ ਨੂੰ ਫ਼ੋਨ ਕੀਤਾ ਪਰ ਉਨ੍ਹਾਂ ਫ਼ੋਨ ਨਹੀਂ ਚੁੱਕਿਆ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਜੈ ਸਿੰਘ ਲਿਬੜਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਤਿਹਾਸਕ ਗੁਰਦੁਆਰਿਆਂ ’ਚ ਸਿਆਸਤ ਹਾਵੀ ਨਹੀਂ ਹੋਣ ਦੇਣੀ ਚਾਹੀਦੀ, ਕਿਉਂਕਿ ਅਜਿਹਾ ਹੋਣ ਕਾਰਨ ਸਿਆਸੀ ਬੰਦੇ ਅਪਣੇ ਹਿਸਾਬ ਨਾਲ ਸ਼੍ਰੋਮਣੀ ਕਮੇਟੀ ਨੂੰ ਵਰਤ ਲੈਂਦੇ ਹਨ ਜੋ ਕਿ ਮਾੜੀ ਗੱਲ ਹੈ। ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕਰਦੇ ਹਨ ਕਿ ਛੇਕੇ ਹੋਏ ਵਿਅਕਤੀ ਵਿਰੁਧ ਵੀ ਸਖ਼ਤ ਕਾਰਵਾਈ ਕੀਤੀ ਜਾਵੇ।
ਸਮਾਜ ਸੇਵੀ ਐਡ. ਗਗਨਦੀਪ ਸਿੰਘ ਗੋਰਾਇਆ ਨੇ ਕਿਹਾ ਕਿ ਇਸ ਨਾਲ ਸਮੁੱਚੀ ਸਿੱਖ ਕੌਮ ਨੂੰ ਬਹੁਤ ਦੁੱਖ ਪਹੁੰਚਿਆ ਹੈ ਅਤੇ ਉਹ ਇਕ ਛੇਕੇ ਹੋਏ ਵਿਅਕਤੀ ਨੂੰ ਸਿਰੋਪਾਉ ਦੇਣ ਤੇ ਵੀ.ਆਈ.ਪੀ. ਟਰੀਨਮੈਂਟ ਦੇਣ ਦੀ ਨਿਖੇਧੀ ਕਰਦੇ ਹਨ ਅਤੇ ਅਪੀਲ ਕਰਦੇ ਹਨ ਕਿ ਦੋਸ਼ੀ ਵਿਅਕਤੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਫ਼ਤਿਹਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਦਾ ਫ਼ੋਨ ਵਿਅਸਤ ਸੀ, ਜਦਕਿ ਉਨ੍ਹਾਂ ਦੀ ਪਤਨੀ ਮਨਦੀਪ ਕੌਰ ਨਾਗਰਾ ਕਿਸੇ ਮੀਟਿੰਗ ’ਚ ਸਨ।