
ਕੇਂਦਰ ਸਰਕਾਰ ਕੋਝੇ ਹੱਥਕੰਡੇ ਅਪਣਾਉਣੇ ਛੱਡੇ
ਚੰਡੀਗੜ੍ਹ, 22 ਦਸੰਬਰ (ਜੀ.ਸੀ. ਭਾਰਦਵਾਜ) : ਦੁਨੀਆਂ ਦੇ 40 ਦੇਸ਼ਾਂ ਵਿਚੋਂ ਕਿਸਾਨਾਂ ਦੇ ਹੱਕ ਵਿਚ ਮਿਲਿਆ ਹੁੰਗਾਰਾ ਅਤੇ ਵਿਸ਼ਵ ਸੰਸਥਾ ਯੂ.ਐਨ.ਓ. ਵਲੋਂ ਜਮਹੂਰੀਅਤ ਅਧਿਕਾਰਾਂ ਲਈ ਆਏ ਬਿਆਨਾਂ ਨੇ ਦਿੱਲੀ ਦੁਆਲੇ ਬੈਠੇ ਹਜ਼ਾਰਾਂ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਨੂੰ ਨਾ ਕੇਵਲ ਮਜ਼ਬੂਤੀ ਪ੍ਰਦਾਨ ਕੀਤੀ ਹੈ ਬਲਕਿ ਕੇੇਂਦਰ ਸਰਕਾਰ ਨੂੰ ਜਲਦ ਤਿੰਨ ਖੇਤੀ ਕਾਨੂੰਨਾਂ ਨੂੰ ਮੁੱਢੋਂ ਰੱਦ ਕਰਨ ਲਈ ਮਜਬੂਰ ਕਰ ਦਿਤਾ ਹੈ | ਪੰਜਾਬ-ਹਰਿਆਣਾ ਦੇ ਕਿਸਾਨਾਂ ਵਲੋਂ ਛੇੜੇ ਇਸ ਸੰਘਰਸ਼ ਨੂੰ ਹੁਣ ਬਾਕੀ ਸੂਬਿਆਂ ਵਲੋਂ ਦਿਤੇ ਯੋਗਦਾਨ ਨਾਲ ਲੋਕ ਲਹਿਰ ਅਤੇ ਜਨ ਅੰਦੋਲਨ ਦਾ ਰੂਪ ਦਿਤਾ ਹੈ |
ਅੱਜ ਇਥੇ ਸੈਕਟਰ 28 ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਿੱਖ ਬੁੱਧੀਜੀਵੀਆਂ, ਚਿੰਤਕਾਂ, ਇਤਿਹਾਸਕਾਰਾਂ, ਲੇਖਕਾਂ ਤੇ ਹੋਰ ਕਿਸਾਨ-ਹਿਤੈਸ਼ੀਆਂ ਨੇ ਕੇਂਦਰ ਸਰਕਾਰ ਤੇ ਇਸ ਦੇ ਨੇਤਾਵਾਂ ਨੂੰ ਤਾੜਨਾ ਕੀਤੀ ਕਿ ਕੋਝੇ ਹੱਥ ਕੰਡੇ ਅਪਣਾਅ ਕੇ ਇਸ ਲਾਸਾਨੀ ਤੇ ਅਜੋਕੇ ਸੰਘਰਸ਼ ਨੂੰ ਜਾਣ-ਬੁੱਝ ਕੇ ਲੰਮਾ ਨਾ ਕਰੇ, ਉਲਟਾ ਇਨ੍ਹਾਂ ਕਿਸਾਨ-ਵਿਰੋਧੀ ਕਾਨੂੰਨਾਂ ਨੂੰ ਜਲਦੀ ਰੱਦ ਕਰ ਕੇ ਅੱਗੋਂ ਕਿਸਾਨੀ ਹੱਕ ਬਹਾਲ ਕਰ ਕੇ, ਨਵੇਂ ਨਿਯਮ ਤੈਅ ਕਰੇ | ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉੱਘੇ ਪੱਤਰਕਾਰਾਂ ਤੇ ਮੀਡੀਆ ਚੀਫ਼ ਰਹੇ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਕੁੱਝ ਦਿਨ ਸਿੰਘੂ ਅਤੇ ਟਿਕਰੀ ਬਾਰਡਰ ਉਤੇ ਕਿਸਾਨਾਂ ਨਾਲ ਗੁਜ਼ਾਰਨ ਮੌਕੇ ਇਸ ਨੁਕਤੇ ਦਾ ਪਤਾ ਲੱਗਾ ਕਿ ਸ਼ਿਰਕਤ ਕਰਨ ਵਾਲੇ ਨੌਜੁਆਨ, ਜੋਸ਼ੀਲੇ ਕਿਸਾਨ, ਹਿੰਮਤੀ ਬਜ਼ੁਰਗ ਤੇ ਸੇਵਾ ਵਿਚ ਲੱਗੀਆਂ ਬੀਬੀਆਂ ਪੂਰੀ ਤਰ੍ਹਾਂ ਸ਼ਾਂਤਮਈ ਅੰਦੋਲਨ ਨੂੰ ਕਿਸੇ ਸਫ਼ਲ ਨਤੀਜੇ ਉਤੇ ਪਹੁੰਚਣ ਵਾਸਤੇ ਵਚਨਬੱਧ ਸਨ | ਸ. ਸਿੱਧੂ ਨੇ ਕਿਹਾ ਕਿ ਮੋਗਾ ਇਲਾਕੇ ਵਿਚ ਕਈ ਲੋਕਾਂ ਦੇ ਬੈਂਕ ਖਾਤਿਆਂ ਵਿਚ ਆਏ ਵਿਦੇਸ਼ੀ ਰੁਪਈਆਂ ਯਾਨੀ ਰਿਸ਼ਤੇਦਾਰਾਂ ਵਲੋਂ ਭੇਜੀਆਂ ਰਕਮਾਂ ਨੂੰ ਕਢਵਾਉਣ ਉਤੇ ਕੇਂਦਰ ਨੇ ਪਾਬੰਦੀ ਲਾ ਦਿਤੀ ਹੈ ਜੋ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਇਕ ਕੋਝੀ ਚਾਲ ਹੈ | ਉਨ੍ਹਾਂ ਕਿਹਾ ਅੰਦੋਲਨ ਲੰਮਾ ਚੱਲੇਗਾ ਤੇ ਆਰ-ਪਾਰ ਦੀ ਲੜਾਈ ਵਿਚ ਕਿਸਾਨਾਂ ਦੇ ਜਮਹੂਰੀ ਹੱਕਾਂ ਦੀ ਬਹਾਲੀ ਹੋਏਗੀ |
ਫ਼ਰੀਦਕੋਟ ਮੈਡੀਕਲ ਸੰਸਥਾ ਦੇ ਰਜਿਸਟਰਾਰ ਰਹੇ ਸਾਬਕਾ ਡਾਇਰੈਕਟਰ ਡਾ. ਪਿਆਰੇ ਲਾਲ ਗਰਗ ਨੇ ਇਸ ਸੰਘਰਸ਼ ਨੂੰ ਦੇਸੀ ਮਹੀਨੇ ਪੋਹ ਨਾਲ ਜੋੜ ਕੇ ਦਸਿਆ ਕਿ ਜਿਵੇਂ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਨੇ ਇਸ ਮਹੀਨੇ ਸ਼ਹਾਦਤ ਦਿਤੀ, ਦਸਮ ਪਾਤਸ਼ਾਹ ਦੇ ਦੋ ਛੋਟੇ ਸਾਹਿਬਜ਼ਾਦੇ ਨੀਹਾਂ ਵਿਚ ਇਸ ਮਹੀਨੇ ਮੁਗ਼ਲ ਸਾਮਰਾਜ ਵੇਲੇ ਚਿਣਵਾਏ ਗਏ, ਦੋ ਵੱਡੇ ਚਮਕੌਰ ਸਾਹਿਬ ਦੀ ਜੰਗ ਵਿਚ ਇਸ ਮਹੀਨੇ ਸ਼ਹੀਦ ਹੋ ਗਏ ਅਤੇ ਜ਼ੁਲਮ ਦਾ ਮੁਕਾਬਲਾ ਕਰਨ ਲਈ 10ਵੇਂ ਗੁਰੂ, ਇਸੇ ਮਹੀਨੇ ਪੈਦਾ ਹੋਏ, ਇਸੇ ਤਰ੍ਹਾਂ ਮੌਜੂਦਾ ਕਿਸਾਨੀ ਸੰਘਰਸ਼ ਕੇੇਂਦਰ ਸਰਕਾਰ ਦੇ ਜ਼ੁਲਮ ਦਾ ਪੋਹ ਮਹੀਨੇ ਹੀ ਮੁਕਾਬਲਾ ਕਰ ਕੇ, ਕਾਮਯਾਬੀ ਪ੍ਰਾਪਤ ਕਰੇਗਾ |
ਡਾ. ਗਰਗ ਦਾ ਕਹਿਣਾ ਸੀ ਕਿ ਪੰਜਾਬ ਦਾ ਅਨਾਜ, ਖ਼ੁਦ ਕੇੇਂਦਰ ਸਰਕਾਰ ਖ਼ਰੀਦ ਕੇ ਸੰਭਾਲਣ ਮਗਰੋਂ ਠੀਕ ਢੰਗ ਨਾਲ ਇਸ ਦੀ ਵਰਤੋਂ ਗ਼ਰੀਬਾਂ ਵਿਚ ਕਰੇ ਅਤੇ ਕਿਸਾਨਾਂ ਨੂੰ ਵਾਧੂ ਰੇਟ ਦੇਵੇ ਅਤੇ ਪ੍ਰਾਈਵੇਟ ਵਿਉਪਾਰੀਆਂ ਨੂੰ ਲਾਭ ਦੇਣ ਲਈ ਬਣਾਏ ਇਨ੍ਹਾਂ ਨਵੇਂ ਕਾਨੂੰਨਾਂ ਨੂੰ ਰੱਦ ਕਰੇ |
ਕਵੀ ਅਤੇ ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਸਾਰੇ ਵਰਗਾਂ ਦੇ ਲੋਕ ਇਸ ਜਨ ਮੁਹਿੰਮ ਵਿਚ ਹਿੱਸਾ ਲੈ ਰਹੇ ਹਨ ਅਤੇ ਕਿਸਾਨ ਜਥੇਬੰਦੀਆਂ ਦੇ ਅਨੁਸ਼ਾਸਨ ਤੇ ਏਕੇ ਨੂੰ ਦੇਖਦਿਆਂ ਮੋਦੀ ਸਰਕਾਰ ਇਸ ਅਦੁੱਤੀ ਮਜ਼ਬੂਤ ਲੋਕ-ਰਾਇ ਦਾ ਸਤਿਕਾਰ ਕਰੇ ਅਤੇ ਪੰਜਾਬ ਤੇ ਮੁਲਕ ਦੇ ਅਰਥਚਾਰੇ ਦਾ ਹੋਰ ਨੁਕਸਾਨ ਹੋਣ ਤੋਂ ਬਚਾਵੇ |
ਸੇਵਾ-ਮੁਕਤ ਸੁਪਰਟੈਂਡਿੰਗ ਇੰਜਨੀਅਰ ਸ. ਗੁਰਪਾਲ ਸਿੰਘ ਸਿੱਧੂ ਜਿਨ੍ਹਾਂ ਨੇ ਕੱੁਝ ਦਿਨ ਇਸ ਅੰਦੋਲਨ ਵਿਚ ਲਗਾਏ ਨੇ ਸਪੱਸ਼ਟ ਕੀਤਾ ਕਿ ਤਿੰਨੋ ਕਾਨੂੰਨ, ਕਿਸਾਨ ਵਿਰੋਧੀ ਹਨ ਅਤੇ ਲੋਕ ਵਿਰੋਧੀ ਵੀ ਹਨ, ਜੋ ਸਿਰਫ਼ ਵੱਡੇ ਵਿਉਪਾਰੀਆਂ ਦੇ ਹੱਕ ਵਿਚ ਬਣਾਏ ਹਨ | ਸ੍ਰੀ ਗੁਰੂ ਸਿੰਘ ਸਭਾ ਤੋਂ ਖ਼ੁਸ਼ਹਾਲ ਸਿੰਘ ਦਾ ਕਹਿਣਾ ਸੀ ਕਿ ਇਸ਼ ਅਮਨਪੂਰਕ ਸੰਘਰਸ਼ ਦੇ ਲੰਬਾ ਹੋਣ ਨਾਲ ਕਈ ਤਰ੍ਹਾਂ ਦੀ ਚਿੰਤਾ ਤੇ ਬਿਖੇੜਾ ਪੈਂਦਾ ਹੋਣ ਦਾ ਖਦਸ਼ਾ ਜ਼ਰੂਰ ਹੈ ਜੋ ਮੋਦੀ ਸਰਕਾਰ ਲਈ ਖ਼ਤਰਾ ਵਧਾਏਗਾ |
ਛੇਤੀ ਖੇਤੀ ਕਾਨੂੰਨ ਰੱਦ ਕਰ ਕੇ ਕਿਸਾਨੀ ਹੱਕ ਬਹਾਲ ਕਰੇ
ਅੰਦੋਲਨ ਧੁਰ ਤਕ ਸ਼ਾਂਤ ਰਹੇਗਾ, ਵਿਦੇਸ਼ੀ ਮਦਦ ਹੋਰ ਮਜ਼ਬੂਤ ਹੋਈ
ਫ਼ੋਟੋ; ਸੰਤੋਖ ਸਿੰਘ 1, 2