
ਬਖ਼ਸ਼ੀ ਪਰਮਜੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਂਟ
ਦਿੱਲੀ ਤੇ ਬਾਹਰਲੇ ਸੂਬਿਆਂ ਤੋਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰ ਕੇ ਲਗਵਾਈ ਹਾਜ਼ਰੀ
ਨਵੀਂ ਦਿੱਲੀ, 22 ਦਸੰਬਰ (ਸੁਖਰਾਜ ਸਿੰਘ): ਸਿੱਖ ਬ੍ਰਦਰਜ਼ਹੁਡ ਇੰਟਰਨੈਸ਼ਨਲ ਦੇ ਕੌਮੀ ਪ੍ਰਧਾਨ ਅਤੇ ਬਖ਼ਸ਼ੀ ਗਰੁੱਪ ਕੰਪਨੀਜ਼ ਦੇ ਸੀ.ਐਮ.ਡੀ ਤੇ ਉੱਘੇ ਸਮਾਜ ਸੇਵੀ ਬਖ਼ਸ਼ੀ ਪਰਮਜੀਤ ਸਿੰਘ ਅਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਹੋਇਆ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਆਤਮਕ ਸ਼ਾਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਅੱਜ ਸਵੇਰੇ ਉਨ੍ਹਾਂ ਦੇ ਨਿਜੀ ਨਿਵਾਸ ਅਸਥਾਨ ’ਤੇ ਕਰੋਲ ਬਾਗ਼ ਵਿਖੇ ਪਾਇਆ ਗਿਆ, ਉਪਰੰਤ ਸ਼ਰਧਾਂਜਲੀ ਸਮਾਗਮ ਤੇ ਅੰਤਿਮ ਅਰਦਾਸ ਦਾ ਪ੍ਰੋਗਰਾਮ ਦਿੱਲੀ ਦੇ ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਰਖਿਆ ਗਿਆ ਸੀ। ਬਖ਼ਸ਼ੀ ਪਰਮਜੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਪਰਵਾਰਕ ਮੈਂਬਰਾਂ, ਨਜ਼ਦੀਕੀ ਰਿਸਤੇਦਾਰਾਂ, ਦਿੱਲੀ ਦੇ ਕੋਨੇ-ਕੋਨੇ ਅਤੇ ਹੋਰਨਾਂ ਬਾਹਰਲਿਆਂ ਸੂਬਿਆਂ ਤੋਂ ਪੁਜੀਆਂ ਸੰਗਤਾਂ ਅਤੇ ਵੱਖ-ਵੱਖ ਨਾਮਵਰ ਸ਼ਖ਼ਸੀਅਤਾਂ ਨੇ ਸਿਰਕਤ ਕਰ ਕੇ ਹਾਜ਼ਰੀ ਲਗਵਾਈ ਅਤੇ ਸ਼ਰਧਾਜਲੀਆਂ ਭੇਟ ਕੀਤੀਆਂ। ਇਸ ਮੌਕੇ ਭਾਈ ਚਮਨਜੀਤ ਸਿੰਘ ਲਾਲ ਦਿੱਲੀ ਵਾਲਿਆਂ ਦੇ ਰਾਗੀ ਜੱਥੇ ਨੇ ਵਿਰਾਗਮਈ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਗਿਆਨੀ ਰਣਜੀਤ ਸਿੰਘ ਹੈੱਡ ਗ੍ਰੰਥੀ ਗੁਰਦਵਾਰਾ ਬੰਗਲਾ ਸਾਹਿਬ ਵਾਲਿਆਂ ਨੇ ਉਨ੍ਹਾਂ (ਬਖ਼ਸ਼ੀ ਪਰਮਜੀਤ ਸਿੰਘ) ਦੀ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਗਿਆਨੀ ਹਰਦੇਵ ਸਿੰਘ ਹੈਡ ਗ੍ਰੰਥੀ ਗੁਰਦਵਾਰਾ ਰਕਾਬ ਗੰਜ ਸਹਿਬ ਨੇ ਹੁਕਨਾਮਾ ਲੈਣ ਦੀ ਸੇਵਾ ਨਿਭਾਈ। ਉਪਰੋਕਤ ਸ਼ਰਧਾ—ਜਲੀ ਪ੍ਰੋਗਰਾਮ ’ਚ ਸਰਕਾਰਾਂ ਦੇ ਅਹੁਦੇਦਾਰ, ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਅਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਤਖ਼ਤ ਪਟਨਾ ਸਾਹਿਬ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ, ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਨੇ ਮਰਹੂਮ ਬਖ਼ਸ਼ੀ ਪਰਮਜੀਤ ਸਿੰਘ ਵੱਲੋਂ ਕੀਤੇ ਲੋਕ ਭਲਾਈ ਅਤੇ ਪੰਥ ਦੀ ਚੜ੍ਹਦੀਕਲਾ ਲਈ ਕਾਰਜ਼ਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਦਿਆਂ ਉਨ੍ਹਾਂ ਪ੍ਰਤੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਬਾਬਾ ਲੱਖਾ ਸਿੰਘ ਨਾਨਕਸਰ ਅਤੇ ਭਾਈ ਚਮਨਜੀਤ ਸਿੰਘ ਲਾਲ ਹੁਰਾਂ ਨੇ ਸਵਰਗੀ ਬਖ਼ਸ਼ੀ ਪਰਮਜੀਤ ਸਿੰਘ ਦੇ ਹੋਣਹਾਰ ਸਪੁੱਤਰਾਂ ਬਖ਼ਸ਼ੀ ਅਮਨਜੀਤ ਸਿੰਘ ਅਤੇ ਬਖ਼ਸ਼ੀ ਗੁਣਜੀਤ ਸਿੰਘ ਨੂੰ ਦਸਤਾਰ ਬੰਨ ਕੇ ਉਨ੍ਹਾਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੌਂਪੀਆਂ। ਇਸ ਮੌਕੇ ਮਰਹੂਮ ਸ. ਬਖ਼ਸੀ ਦੇ ਵੱਡੇ ਸਪੁੱਤਰ ਬਖ਼ਸ਼ੀ ਅਮਨਜੀਤ ਸਿੰਘ ਨੂੰ ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ ਦਾ ਕੌਮੀ ਪ੍ਰਧਾਨ ਅਤੇ ਸਿਮਰਤਜੀਤ ਸਿੰਘ ਬਖ਼ਸ਼ੀ ਨੂੰ ਜਨਰਲ ਸਕੱਤਰ ਥਾਪਿਆ ਗਿਆ ਹੈ।