
ਅਯੁਧਿਆ ’ਚ ਭਾਜਪਾ ਆਗੂਆਂ ਨੇ ‘ਜ਼ਮੀਨ ਦੀ ਲੁੱਟ’ ਕੀਤੀ, ਮੋਦੀ ਜਵਾਬ ਦੇਣ ਤੇ ਜਾਂਚ ਕਰਾਉਣ : ਕਾਂਗਰਸ
ਕਿਹਾ, ਭਾਜਪਾ ਦੇ ਵਿਧਾਇਕਾਂ ਨੇ ਅਯੋਧਿਆ ਦੇ ਨਾਮ
ਨਵੀਂ ਦਿੱਲੀ, 22 ਦਸੰਬਰ : ਕਾਂਗਰਸ ਨੇ ਬੁਧਵਾਰ ਨੂੰ ਦੋਸ਼ ਲਾਇਆ ਕਿ ਭਾਜਪਾ ਦੇ ਕਈ ਆਗੂਆਂ ਅਤੇ ਉਤਰ ਪ੍ਰਦੇਸ਼ ਸ਼ਾਸਨ ਦੇ ਕੁੱਝ ਅਧਿਕਾਰੀਆਂ ਨੇ ਅਯੁਧਿਆ ’ਚ ਉਸਾਰੀ ਅਧੀਨ ਰਾਮ ਮੰਦਰ ਦੇ ਨਾਲ ਲਗਦੀ ਜ਼ਮੀਨਾਂ ਨੂੰ ਘੱਟ ਰੇਟਾਂ ’ਚ ਖ਼੍ਰੀਦਿਆ ਹੈ ਅਤੇ ਜ਼ਮੀਨ ਦੀ ਇਹ ‘ਲੁੱਟ’ ਸਾਲ 2019 ’ਚ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਦੇ ਬਾਅਦ ਕੀਤੀ ਗਈ ਹੈ। ਪਾਰਟੀ ਮੁੱਖ ਸਕੱਤਰ ਅਤੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਚੰਦੇ ਦੀ ਲੁੱਟ’ ਅਤੇ ਜ਼ਮੀਨ ਦੀ ਲੁੱਟ’ ’ਤੇ ਜਵਾਬ ਦੇਣਾ ਚਾਹੀਦਾ ਤੇ ਜਾਂਚ ਕਰਾਉਣੀ ਚਾਹੀਦੀ ਹੈ।
ਉਨ੍ਹਾਂ ਪ੍ਰੈੱਸ ਕਾਨਫ਼ਰੰਸ ’ਚ ਉਤਰ ਪ੍ਰਦੇਸ਼ ’ਚ ਭਾਜਪਾ ਦੇ ਕੁੱਝ ਵਿਧਾਇਕਾਂ ਅਤੇ ਸਥਾਨਕ ਪ੍ਰਸ਼ਾਸਨ ਦੇ ਕੁੱਝ ਸੀਨੀਅਰ ਅਧਿਕਾਰੀਆਂ ਦੇ ਨਾਮ ਦਾ ਜ਼ਿਕਰ ਕਰਦੇ ਹੋਏ ਦਾਅਵਾ ਕੀਤਾ ਕਿ ਭਾਜਪਾ ਦੇ ਲੋਕਾਂ ਨੇ ‘ਰਾਮਧ੍ਰੋਹ’ ਕੀਤਾ ਹੈ ਜਿਸ ਲਈ ਉਹ ‘‘ਪਾਪ ਅਤੇ ਸਰਾਪ’ ਦੇ ਭਾਗੀ ਹਨ। ਕਾਂਗਰਸ ਦੇ ਇਸ ਦਾਅਵੇ ’ਤੇ ਫਿਲਹਾਲ ਭਾਜਪਾ ਜਾਂ ਉਤਰ ਪ੍ਰਦੇਸ਼ ਸਰਕਾਰ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਸੁਰਜੇਵਾਲਾ ਨੇ ਕਿਹਾ, ‘‘ਪਹਿਲਾਂ ਮੰਦਰ ਦੇ ਨਾਂ ’ਤੇ ਚੰਦੇ ਦੀ ਲੁੱਟ ਕੀਤੀ ਗਈ ਅਤੇ ਹੁਣ ਜਾਇਦਾਦ ਬਣਾਉਣ ਦੀ ਲੁੱਟ ਹੋ ਰਹੀ ਹੈ। ਸਾਫ਼ ਹੈ ਕਿ ਭਾਜਪਾਈ ਹੁਣ ਰਾਮਧ੍ਰੋਹ ਕਰ ਰਹੇ ਹਨ। ਜ਼ਮੀਨ ਦੀ ਸਿੱਧੀ ਲੁੱਟ ਮਚੀ ਹੋਈ ਹੈ। ਇਕ ਪਾਸੇ ਆਸਥਾ ਦਾ ਦੀਵਾ ਜਲਾਇਆ ਗਿਆ ਅਤੇ ਦੂਜੇ ਪਾਸੇ ਭਾਜਪਾ ਦੇ ਲੋਕਾਂ ਵਲੋਂ ਜ਼ਮੀਨ ਦੀ ਲੁੱਟ ਮਚਾਈ ਗਈ ਹੈ।’’ ਉਨ੍ਹਾਂ ਦਾਅਵਾ ਕੀਤਾ, ‘‘ਹੁਣ ਨਵਾਂ ਖੁਲਾਸਾ ਹੁਇਆ ਹੈ ਕਿ ਉਸਾਰੀ ਅਧੀਨ ਰਾਮ ਮੰਦਰ ਦੇ ਕੋਲ ਦੀਆਂ ਜ਼ਮੀਨਾਂ ਭਾਜਪਾ ਦੇ ਵਿਧਾਇਕਾਂ, ਮਹਾਪੌਰ, ਓਬੀਸੀ ਕਮਿਸ਼ਨ ਦੇ ਮੈਂਬਰਾਂ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਵਲੋਂ ਘੱਟ ਰੇਟਾਂ ’ਤੇ ਖ਼੍ਰੀਦੀਆਂ ਗਈਆਂ ਹਨ। ਇਥੇ ਤਕ ਕਿ ਦਲਿਤਾਂ ਦੀ ਜ਼ਮੀਨਾਂ ਨੂੰ ਹੜੱਪ ਲਿਆ ਗਿਆ ਹੈ। ਰਾਮ ਮੰਦਰ ਮਾਮਲੇ ਨੂੰ ਲੈ ਕੇ ਕੋਰਟ ਦਾ ਫ਼ੈਸਲਾ ਆਉਣ ਦੇ ਬਾਅਦ ਇਹ ਸੱਭ ਕੀਤਾ ਗਿਆ।’’
ਕਾਂਗਰਸ ਆਗੂ ਨੇ ਕਿਹਾ, ‘‘ਭਗਵਾਨ ਸ਼੍ਰੀਰਾਮ ਆਸਥਾ, ਵਿਸ਼ਵਾਸ, ਮਰਿਆਦਾ ਅਤੇ ਸਨਾਤਨ ਦੇ ਪ੍ਰਤੀਕ ਹਨ। ਪਰ ਭਾਜਪਾ ਦੇ ਲੋਕ ਉਨ੍ਹਾਂ ਦੇ ਨਾਮ ’ਤੇ ਵੀ ਲੁੱਟ ਦਾ ਕਾਰੋਬਾਰ ਚਲਾ ਰਹੇ ਹਨ। ਪ੍ਰਧਾਨ ਮੰਤਰੀ ਜੀ ਦੱਸੋ ਕੀ ਤੁਸੀਂ ਅਪਣਾ ਮੂੰਹ ਕਦੋਂ ਖੋਲ੍ਹੋਗੇ? ਪ੍ਰਧਾਨ ਨੂੰ ਇਹ ਵੀ ਦੱਸਣਾ ਚਾਹੀਦਾ ਕਿ ਉਹ ਚੰਦੇ ਦੀ ਲੁੱਟ ਅਤੇ ਜ਼ਮੀਨ ਦੀ ਲੁੱਟ ਦੀ ਜਾਂਚ ਕਦੋਂ ਕਰਾਉਣਗੇ?’’ (ਏਜੰਸੀ)